ਹੈਦਰਾਬਾਦ, 23 ਨਵੰਬਰ (ਪੀ.ਟੀ. ਬਿਊਰੋ)- ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰ ਵਿਚ ਆਏ ਹੈਲਨ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਬਾਰਿਸ਼ ਤੇ ਤੂਫਾਨ ਨਾਲ ਮੌਤਾਂ ਦੀ ਗਿਣਤੀ 8 ਦੱਸੀ ਜਾ ਰਹੀ ਹੈ ਪਰ ਫਸਲਾਂ ਖਾਸ ਕਰਕੇ ਝੋਨਾ ਜੋ ਪੱਕ ਚੁੱਕਾ ਹੈ, ਦਾ ਭਾਰੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਅਨੁਸਾਰ ਪੱਛਮੀ ਗੋਦਾਵਰੀ, ਪੂਰਬੀ ਗੋਦਾਵਰੀ , ਕ੍ਰਿਸ਼ਨਾ ਤੇ ਗੁਨਤੂਰ ਜਿਲ੍ਹਿਆਂ ਵਿਚ 1.69 ਲੱਖ ਹੈਕਟੇਅਰ ਝੋਨੇ ਨੂੰ ਨੁਕਸਾਨ ਪੁੱਜਾ ਹੈ। ਤੂਫਾਨ ਜਿਸ ਨੇ ਲੰਘੀ ਰਾਤ ਰਾਜ ਵਿਚ ਪ੍ਰਵੇਸ਼ ਕੀਤਾ ਸੀ, ਉਪਰੰਤ ਭਾਰੀ ਬਾਰਿਸ਼ ਹੋਈ ਤੇ ਤੇਜ ਹਵਾ ਚਲੀ ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋਇਆ।