ਬਲਾਸੋਰ 23 ਨਵੰਬਰ (ਪੀ.ਟੀ.)-ਅੱਜ ਇਥੇ ਉਡੀਸ਼ਾ ਦੇ ਤੱਟ ਤੋਂ ਦੂਰ ਭਾਰਤੀ ਸਮੁੰਦਰੀ ਫੌਜ ਦੇ ਬੇੜੇ ਤੋਂ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰਥ ਧਨੁਸ਼ ਬਾਲਿਸਟਿਕ ਮਿਜ਼ਾਈਲ ਦਾ ਸਫਲ ਤਜ਼ਰਬਾ ਕੀਤਾ ਗਿਆ। ਇਥੋਂ ਨੇੜੇ ਸਥਿਤ ਟੈਸਟ ਰੇਂਜ ਚਾਂਦੀਪੁਰ ਦੇ ਮੁਖੀ ਕੇ. ਵੀ ਪ੍ਰਸਾਦ ਨੇ ਦੱਸਿਆ ਕਿ ਰਣਨੀਤਿਕ ਫੋਰਸਜ ਕਮਾਂਡ (ਐਸ.ਐਫ.ਸੀ) ਨੇ ਮਿਜ਼ਾਈਲ ਦੀ ਪਰਖ ਕੀਤੀ ਹੈ ਜੋ ਪੂਰੀ ਤਰਾਂ ਸਫਲ ਰਹੀ। ਜਮੀਨ ਤੋਂ ਜਮੀਨ ‘ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਨੂੰ ਸਵੇਰੇ 11.10 ਵਜੇ ਦਾਗਿਆ ਗਿਆ। ਇਹ ਅਭਿਆਸ ਭਾਰਤੀ ਡਿਫੈਂਸ ਫੋਰਸ ਦੀ ਰਣਨੀਤਿਕ ਫੋਰਸਜ ਕਮਾਂਡ ਵੱਲੋਂ ਡੀ.ਆਰ.ਡੀ.ਓ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਧਨੁਸ਼ ਮਿਜਾਈਲ ਰਵਾਇਤੀ ਹਥਿਆਰ ਲਿਜਾਣ ਦੇ ਨਾਲ ਨਾਲ 1000 ਕਿਲੋਗ੍ਰਾਮ ਪ੍ਰਮਾਣੂ ਸਮੱਗਰੀ ਲਿਜਾ ਸਕਦੀ ਹੈ ਤੇ ਜਮੀਨੀ ਅਤੇ ਸਮੁੰਦਰੀ ਟਿਕਾਣਿਆਂ ਨੂੰ ਫੁੰਡ ਸਕਦੀ ਹੈ।