June 24, 2026 4:13 am

ਜਥੇਦਾਰ ਅਵਤਾਰ ਸਿੰਘ ਮੱਕੜ ਅਹੁਦੇ ਤੋਂ ਅਸਤੀਫ਼ਾ ਦੇਵੇ : ਪੱਪੂ

ਸੁਨਾਮ, 23 ਨਵੰਬਰ (ਸੁਰਜੀਤ ਸਿੰਘ ਕੁਲਾਰਾਂ)- ਅੱਜ ਗੁਰਦੁਆਰਾ ਸੱਚਖੰਡ ਸਾਹਿਬ ਸੁਨਾਮ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੇ ਵਿਸ਼ੇ ‘ਤੇ ਗੁਰੂ ਸਿੱਖ ਸੰਗਤਾਂ ਨੇ ਮੀਟਿੰਗ ਕੀਤੀ, ਜਿਸ ਵਿਚ ਪੰਥਕ ਸੇਵਾ ਲਹਿਰ ਵਲੋਂ ਆਰੰਭੇ ਇਸ ਮਹਾਨ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਾਰੀ ਸੰਗਤ ਨੇ ਜੈਕਾਰਿਆਂ ਨਾਲ ਆਉਣ ਵਾਲੇ ਸਮੇਂ ਵਿਚ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਪੰਥਕ ਸੇਵਾ ਲਹਿਰ ਦਾ ਹਰ ਤਰ੍ਹਾਂ ਸਾਥ ਦੇਣ ਦਾ ਫੈਸਲਾ ਲਿਆ। ਮੀਟਿੰਗ ਨੂੰ ਜਥੇ: ਸੁਰਿੰਦਰ ਸਿੰਘ ਪੱਪੂ ਨੇ ਸੰਬੋਧਨ ਕਰਦਿਆਂ ਉਤਰਾਖੰਡ ਸਰਕਾਰ ਦੀ ਧੱਕੇਸ਼ਾਹੀ ਦੀ ਘੋਰ ਨਿੰਦਿਆ ਕੀਤੀ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਬਿਆਨ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਵਾਲਿਆਂ ਨੂੰ ‘ਜਣਾ ਖਣਾ’ ਸੰਬੋਧਨ ਕਰਨ ਦੇ ਪ੍ਰਤੀਕਰਮ ਵਜੋਂ ਕਿਹਾ ਕਿ 1984 ਤੋਂ ਲੈ ਕੇ ਅੱਜ ਤੱਕ 29 ਸਾਲਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਮਸਲਾ ਕਿਉਂ ਨਹੀਂ ਉਠਾਇਆ ਜਦੋਂ ਕਿ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿਚ ਜ਼ਿਆਦਾ ਸਮਾਂ ਬਣੀ। ਲੋਕਾਂ ਨੇ ਰਾਜਨੀਤਕ ਅਤੇ ਧਾਰਮਿਕ ਸ਼ਕਤੀਆਂ ਇਨ੍ਹਾਂ ਦੇ ਹੱਥ ਦਿੱਤੀਆਂ, ਕੇਂਦਰ ਵਿਚ ਵੀ ਇਨ੍ਹਾਂ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹਿ ਚੁੱਕੀ ਹੈ। ਜਥੇ: ਅਵਤਾਰ ਸਿੰਘ ਮੱਕੜ ਜੇਕਰ ਪੰਥ ਪ੍ਰਚਾਰਕਾਂ ਨੂੰ ਜਣਾ ਖਣਾ ਪਰਖਦੇ ਹਨ ਤਾਂ ਆਪ ਸਿੱਖ ਕੌਮ ਦੇ ਸਿਰਮੌਰ ਅਹੁਦੇਦਾਰ ਅੱਗੇ ਹੋ ਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਪੁਨਰ ਨਿਰਮਾਣ ਦੀ ਸੇਵਾ ਆਰੰਭਣ। ਜੇਕਰ ਜਥੇਦਾਰ ਸਾਹਿਬ ਅਸਮਰੱਥ ਹਨ ਤਾਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ, ਕਿਉਂਕਿ ਸਿੱਖ ਸੰਗਤਾਂ ਨੇ ਗੁਰੂ ਘਰ ਦੀ ਸੇਵਾ ਸੰਭਾਲਣ ਲਈ ਹੀ ਉਨ੍ਹਾਂ ਨੂੰ ਇਹ ਸਿਰਮੌਰ ਅਹੁਦਾ ਦੇ ਕੇ ਨਿਵਾਜਿਆ ਹੈ। ਇਸ ਸਮੇਂ ਸੰਗਤਾਂ ਨੂੰ ਦਵਿੰਦਰ ਸਿੰਘ ਪ੍ਰਧਾਨ, ਮਨਜੀਤ ਸਿੰਘ ਕੁੱਕੂ, ਦਰਸ਼ਨ ਸਿੰਘ ਧੀਮਾਨ, ਸੁਖਵਿੰਦਰ ਸਿੰਘ ਕਾਕੂ, ਹਰਜੀਤ ਸਿੰਘ ਅਤੇ ਮੱਘਰ ਸਿੰਘ ਕੁਲਾਰਾਂ ਨੇ ਵੀ ਸੰਬੋਧਨ ਕੀਤਾ।

Send this to a friend