ਕਾਹਨੂੰਵਾਨ, 26 ਸਤੰਬਰ (ਡਾ. ਜਸਪਾਲ ਸਿੰਘ ਭਿਟੇਵਡ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਲਈ ਵਿਧਾਨ ਸਭਾ ਹਲਕਾ ਕਾਦੀਆਂ ਵਿਚ ਆਪ ਉਮੀਦਵਾਰ ਮੇਜਰ ਸੁਰੇਸ਼ ਖਜੂਰੀਆ ਦੇ ਹਕ ਵਿਚ ਕਸਬਾ ਕਾਹਨੂੰਵਾਨ ਅੰਦਰ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਅਜ ਸਥਾਨਕ ਰਾਜਪੂਤ ਸਰਾਂ ਅੰਦਰ ਆਪ ਆਗੂ ਠਾਕੁਰ ਨਰਿੰਦਰ ਸਿੰਘ ਨੇ ਇਕ ਮੀਟਿੰਗ ਦਾ ਆਯੋਜਨ ਕੀਤਾ। ਜਿਸ ਵਿਚ ਸਥਾਨਕ ਆਗੂਆਂ ਤੋਂ ਇਲਾਵਾ ਗੁਰਦਿਤ ਸਿੰਘ ਸੇਖੋਂ ਫਰੀਦਕੋਟ ਵੀ ਪਹੁੰਚੇ ਜਿਸ ਨੂੰ ਹਲਕਾ ਕਾਦੀਆਂ ਦਾ ਚੋਣ ਇੰਚਾਰਜ ਲਾਇਆ। ਇਸ ਤੋਂ ਇਲਾਵਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸਰੋਆ ਵੀ ਇਸ ਚੋਣ ਮੁਹਿੰਮ ਨੂੰ ਚਲਾਉਣ ਲਈ ਕਾਹਨੂੰਵਾਨ ਪੁਜੇ। ਇਸ ਮੌਕੇ ਉਕਤ ਆਗੂਆਂ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਜਰ ਖਜੂਰੀਆ ਇਕ ਇਮਾਨਦਾਰ ਅਤੇ ਜੁਝਾਰੂ ਆਗੂ ਹਨ ਜੋ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਆਮ ਆਦਮੀ ਪਾਰਟੀ ਦੀ ਸਿਧਾਂਤਕ ਸੋਚ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ 6 ਮਹੀਨਿਆਂ ਅੰਦਰ ਹੀ ਪੰਜਾਬ ਨੂੰ ਕਖੋਂ ਹੌਲਾ ਕਰ ਦਿਤਾ ਹੈ। ਪੰਜਾਬ ਦੇ ਲੋਕ ਇਸ ਸਰਕਾਰ ਅੰਦਰ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਕੇ ਹੁਣ ਦੁਬਾਰਾ ਵੋਟਾਂ ਨਹੀਂ ਬਟੋਰ ਸਕਦੀ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਉਮੀਦਵਾਰ ਵੀ ਨਰਿੰਦਰ ਮੋਦੀ ਵਾਂਗ ਹਵਾਈ ਕਿਲੇ ਉਸਾਰਨ ਵਾਲਾ ਹੀ ਹੈ। ਇਸ ਮੌਕੇ ਦੇਖਣ ਚ ਆਇਆ ਕਿ ਮੀਟਿੰਗ ਵਿਚ ਕਸਬੇ ਦੇ ਸਥਾਨਕ ਆਪ ਆਗੂ ਕਿਧਰੇ ਨਜ਼ਰ ਨਹੀਂ ਆਏ। ਇਸ ਮੀਟਿੰਗ ਨੂੰ ਮੇਹਰ ਸਿੰਘ ਅਤੇ ਸੁਖਦੇਵ ਸਿੰਘ ਗੁਰਾਇਆ ਨੇ ਵੀ ਸੰਬੋਧਨ ਕੀਤਾ।
‘ਆਪ’ ਉਮੀਦਵਾਰ ਖਜੂਰੀਆ ਦੇ ਹੱਕ ਵਿੱਚ ਹੋਈ ਮੀਟਿੰਗ ’ਚ ਸਥਾਨਕ ਆਗੂਆਂ ਦੀ ਰੜਕੀ ਘਾਟ



