June 24, 2026 2:56 am

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਕੌਮਾਂਤਰੀ ਪੱਧਰ ਦੀ ਬਣਾਈ ਗਈ ਕ੍ਰਿਕਟ ਪਿੱਚ ਦਾ ਰਸਮੀ ਉਦਘਾਟਨ

ਲੁਧਿਆਣਾ, 23 ਨਵੰਬਰ (ਪੀ. ਟੀ.)- ਸਕੂਲੀ ਵਿਦਿਆਰਥੀਆਂ ਨੂੰ ਦੁਨੀਆਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ, ਕਿਉਂ ਕਿ ਖੇਡਾਂ ਜਿੱਥੇ ਸਾਨੂੰ ਸਰੀਰਿਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਉਥੇ ਸਾਡੇ ਅੰਦਰ ਲੀਡਰਸ਼ਿਪ ਦੀ ਭਾਵਨਾ ਪ੍ਰਚੰਡ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ ।
avtarsinghmakkar
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ, ਲੁਧਿਆਣਾ ਵਿਖੇ ਇੰਟਰਨੈਸ਼ਨਲ ਪੱਧਰ ਦੀ ਬਣਾਈ ਗਈ ਕ੍ਰਿਕਟ ਪਿੱਚ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ । ਆਪਣੀ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮਾਂ ਖੇਡ ਕਬੱਡੀ ਤੇ ਹਾਕੀ ਦੀ ਖੇਡ ਨੂੰ ਮੁੜ ਬੁਲੰਦ ਉਚਾਈਆਂ ਤੇ ਪਹੁੰਚਾਉਣ ਦੇ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸੇ ਮਿਸ਼ਨ ਦੀ ਪ੍ਰਾਪਤੀ ਦੇ ਲਈ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਸਾਬਤ ਸੂਰਤ ਨੌਜਵਾਨਾਂ ਦੀ ਕੱਬਡੀ ਟੀਮ ਬਣਾਈ ਗਈ ਹੈ, ਉਥੇ ਨਾਲ ਹੀ ਹਾਕੀ ਦੀ ਟੀਮ ਬਣਾਉਣ ਵਾਸਤੇ ਸ਼੍ਰੀ ਅੰਮ੍ਰਿਤਸਰ, ਸ਼੍ਰੀ ਫਤਹਿਗੜ੍ਹ ਸਾਹਿਬ ਤੇ ਫਰੀਦਕੋਟ ਵਿਖੇ ਹਾਕੀ ਦੀਆਂ ਤਿੰਨ ਅਕੈਡਮੀਆਂ ਸਥਾਪਿਤ ਕੀਤੀਆਂ ਗਈਆਂ ਹਨ । ਉਨ੍ਹਾਂ ਨੇ ਕਿਹਾ ਕਿ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਸ਼੍ਰੀ ਵਿਨੋਦ ਚੱਟਕਾਰਾ ਤੇ ਚੀਫ ਕ੍ਰਿਕਟ ਕੋਚ ਸ਼੍ਰੀ ਚਰਨਜੀਤ ਭੰਗੂ ਦੇ ਨਿੱਘੇ ਸਹਿਯੋਗ ਨਾਲ ਜੋ ਅੰਤਰਰਾਸ਼ਟਰੀ ਪੱਧਰ ਦੀ ਕ੍ਰਿਕਟ ਪਿੱਚ ਅਤੇ ਕ੍ਰਿਕਟ ਦੀ ਸਿਖਲਾਈ ਲਈ ਨੈਟ ਦੀ ਉਸਾਰੀ ਕੀਤੀ ਗਈ ਹੈ, ਉਹ ਆਪਣੇ ਆਪ ਵਿੱਚ ਇੱਕ ਬੇਮਿਸਾਲ ਕਾਰਜ ਹੈ । ਜੋ ਕਿ ਰੂਰਲ ਏਰੀਏ ਨਾਲ ਸਬੰਧਤ ਕ੍ਰਿਕਟ ਦੀ ਖੇਡ ਖੇਡਣ ਵਾਲੇ ਖਿਡਾਰੀਆਂ ਲਈ ਬਹੁਤ ਹੀ ਸਹਾਈ ਸਿੱਧ ਹੋਵੇਗਾ । ਇਸ ਦੌਰਾਨ ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛੇ ਜਾਣ ਤੇ ਕਿ ਸ਼੍ਰੋਮਣੀ ਕਮੇਟੀ ਕਬੱਡੀ, ਹਾਕੀ ਤੋਂ ਬਾਅਦ ਸਾਬਤ ਸੂਰਤ ਕ੍ਰਿਕਟ ਖਿਡਾਰੀਆਂ ਦੀ ਕ੍ਰਿਕਟ ਟੀਮ ਵੀ ਬਣਾਏਗੀ? ਇਸ ਪੁੱਛੇ ਗਏ ਸਵਾਲ ਦਾ ਉਤੱਰ ਦਿੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਫੈਸਲਾ ਆਉਣ ਵਾਲੇ ਸਮੇਂ ‘ਚ ਕੀਤਾ ਜਾਵੇਗਾ । ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਨਕਾਣਾ ਸਾਹਿਬ ਪਬਲਿਕ ਸਕੂਲ ਅੰਦਰ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਚ ਕੋਟੀ ਦੀ ਕ੍ਰਿਕਟ ਖੇਡਣ ਦੀ ਸਿਖਲਾਈ ਦੇਣ ਲਈ ਜੋ ਉਪਰਾਲੇ ਕੋਚ ਚਰਨਜੀਤ ਵੱਲੋਂ ਕੀਤੇ ਜਾ ਰਹੇ ਹਨ । ਉਸ ਦੇ ਨਤੀਜੇ ਜਲਦੀ ਹੀ ਸਾਡੇ ਸਾਹਮਣੇ ਆਉਣਗੇ । ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਖੇਡ ਗਰਾਊਂਡ ਵਿਖੇ ਬਣਾਈ ਗਈ ਕ੍ਰਿਕਟ ਦੀ ਨਵੀਂ ਪਿੱਚ ਦਾ ਉਦਘਾਟਨ ਕੀਤਾ, ਉਥੇ ਨਾਲ ਹੀ ਖੁਦ ਨੈਟ ਪ੍ਰੈਕਟਿਸ ਵਿੱਚ ਭਾਗ ਲੈ ਕੇ ਕ੍ਰਿਕਟ ਦੇ ਹੋਣਹਾਰ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ ਗੁਰਚਰਨ ਸਿੰਘ ਗਿੱਲ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਹਰਮੀਤ ਕੌਰ ਵੜੈਚ, ਸ਼੍ਰੀ ਵਿਨੋਦ ਚਟਕਾਰਾ, ਕ੍ਰਿਕਟ ਕੋਚ ਚਰਨਜੀਤ ਭੰਗੂ, ਪ੍ਰਧਾਨ ਸਾਹਿਬ ਦੇ ਨਿੱਜੀ ਸਕੱਤਰ ਪਰਮਜੀਤ ਸਿੰਘ ਸਰੋਆ, ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਮਨਵਿੰਦਰਪਾਲ ਸਿੰਘ ਗਿਆਸਪੁਰਾ, ਨਰਿੰਦਰ ਸਿੰਘ ਸੋਹਲ, ਪ੍ਰਿਤਪਾਲ ਸਿੰਘ ਦੁਆਬੀਆ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Send this to a friend