ਖੰਨਾ, 23 ਨਵੰਬਰ (ਕੇ ਐਲ ਸਹਿਗਲ)-ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ, ਉਨ੍ਹਾਂ ਦੇ ਇਸ ਦੌਰੇ ਦੌਰਾਨ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਪਾਈ ਗਈ, ਮਰੀਜ਼ ਭਟਕਦੇ ਦਿਖਾਈ ਦਿੱਤੇ ਅਤੇ ਟਰਾਮਾ ਸੈਂਟਰ ਵੀ ਚਿੱਟਾ ਹਾਥੀ ਸਾਬਤ ਹੋਇਆ। ਕੋਟਲੀ ਨੇ ਹਸਪਤਾਲ ਦੇ ਟਰਾਮਾ ਸੈਂਟਰ ਅਤੇ ਸਾਰੇ ਵਾਰਡਾਂ ਦਾ ਦੌਰਾ ਕਰਦਿਆਂ ਮਰੀਜ਼ਾਂ ਦਾ ਦੁੱਖ ਦਰਦ ਵੀ ਸੁਣਿਆ।

ਪਹਿਲਾਂ ਤੋਂ ਹੀ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਦਾ ਸ਼ਿਕਾਰ ਮਰੀਜ਼ ਹਸਪਤਾਲ ਦੀ ਕਾਰਜ ਪ੍ਰਣਾਲੀ ਤੋਂ ਜਰਾ ਵੀ ਖੁਸ਼ ਨਹੀਂ ਸਨ ਅਤੇ ਸਿਵਲ ਹਸਪਤਾਲ ਵਿਖੇ ਇਲਾਜ ਕਰਾਉਣ ਲਈ ਮਜਬੂਰ ਸਨ। ਵਿਧਾਇਕ ਕੋਟਲੀ ਐੱਸ. ਐੱਮ. ਓ. ਡਾ. ਮਨੋਹਰ ਲਾਲ ਦੇ ਕਮਰੇ ਵਿੱਚ ਗਏ ਅਤੇ ਉਨ੍ਹਾਂ ਤੋਂ ਕਾਰਨ ਪੁੱਛਿਆ। ਡਾ. ਮਨੋਹਰ ਲਾਲ ਨੇ ਕਿਹਾ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨਹੀਂ ਹੈ। ਡਾਕਟਰਾਂ ਕੋਲੋਂ ਐਮਰਜੈਂਸੀ ਡਿਉਟੀ ਲਈ ਜਾ ਰਹੀ ਹੈ, ਜਿਸ ਕਾਰਨ ਉਹ ਡਿਉਟੀ ਤੋਂ ਅਗਲੇ ਦਿਨ ਛੁੱਟੀ ‘ਤੇ ਰਹਿੰਦੇ ਹਨ ਅਤੇ ਮਰੀਜਾਂ ਨੂੰ ਥੋੜੀ ਬਹੁਤ ਪ੍ਰੇਸ਼ਾਨੀ ਆਉਂਦੀ ਹੈ। ਰੇਡੀਓਲੋਜਿਸਟ ਦੀ ਨਿਯੁਕਤੀ ਲਈ ਸਿਹਤ ਮਹਿਕਮੇ ਨੂੰ ਲਿਖ ਕੇ ਭੇਜਿਆ ਹੋਇਆ ਹੈ। ਮਰੀਜਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਵਿਧਾਇਕ ਕੋਟਲੀ ਨੇ ਆਪਣੇ ਦੌਰੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ‘ਚ ਮਰੀਜਾਂ ਦਾ ਸਹੀ ਇਲਾਜ ਸੰਭਵ ਨਹੀਂ ਹੈ।ਜ਼ੇਕਰ ਮਸ਼ੀਨਰੀ ਹੈ ਤਾਂ ਉਸ ਨੂੰ ਚਲਾਉਣ ਵਾਲਾ ਨਹੀਂ ਹੈ। ਜੇਕਰ ਕਿਸੇ ਕਮਰੇ ਵਿੱਚ ਡਾਕਟਰ ਹੈ, ਤਾਂ ਉਥੇ ਮਸ਼ੀਨਰੀ ਠੀਕ ਨਹੀਂ ਹੈ। ਕੋਈ ਕੰਮ ਕਰਕੇ ਰਾਜੀ ਨਹੀਂ ਹੈ। ਇਸ ਦੀ ਰਿਪੋਰਟ ਬਣਾ ਕੇ ਸਿਹਤ ਮਹਿਕਮੇ ਨੂੰ ਭੇਜੀ ਜਾਵੇਗੀ ਅਤੇ ਵਿਧਾਨ ਸਭਾ ਵਿੱਚ ਵੀ ਮੁੱਦਾ ਗਰਮਜੋਸ਼ੀ ਨਾਲ ਚੁੱਕਿਆ ਜਾਵੇਗਾ। ਇਸ ਮੌਕੇ ‘ਤੇ ਗੁਰਮਿੰਦਰ ਸਿੰਘ ਲਾਲੀ, ਵੇਦ ਪ੍ਰਕਾਸ਼, ਰੁਪਿੰਦਰ ਸਿੰਘ ਰਾਜਾ, ਵਿਕਾਸ ਮਹਿਤਾ, ਸ਼ਾਮ ਲਾਲ ਮਲਹੋਤਰਾ, ਐਡਵੋਕੇਟ ਰਾਜੀਵ ਰਾਏ ਮਹਿਤਾ, ਹਰਿੰਦਰ ਸਿੰਘ ਕਨੇਚ, ਡਾ. ਗੁਰਮੁਖ ਸਿੰਘ ਚਾਹਲ ਵੀ ਹਾਜ਼ਿਰ ਸਨ।