ਬਰਨਾਲਾ, 24 ਸਤੰਬਰ (ਬਾਜ਼ ਸਿੰਘ ਰਟੌਲ)-ਸੰਜ਼ੀਵਨੀ ਮੁਹਿੰਮ ਤਹਿਤ ਅੱਜ ਪਿੰਡ ਬਖਤਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਇੰਡੀਅਨ ਮੈਡੀਕਲ ਐਸੋਸਿਏਸ਼ਨ ਦੇ ਡਾਕਟਰਾਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ। ਇਸ ਮੈਡੀਕਲ ਕੈਂਪ ਵਿੱਚ ਸਵੇਰ 10 ਵਜੇ ਪਿੰਡ ਬਖਤਗੜ੍ਹ ਅਤੇ ਨੇੜਲੇ ਪਿੰਡਾਂ ਚੀਮਾ, ਭੋਤਨਾ, ਚੁੰਘਾ, ਕੈਰੇ ਅਤੇ ਪਿੰਡ ਮੱਲੀਆਂ ਦੇ ਲਗਭਗ 350 ਮਰੀਜਾਂ ਨੇ ਆਪਣੀਆਂ ਬਿਮਾਰੀਆਂ ਦੇ ਮੁਫ਼ਤ ਇਲਾਜ ਕਰਵਾਏ। ਇਸ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ‘‘ਸੰਜੀਵਨੀ ਸਕੀਮ’’ ਦਾ ਮੁੱਖ ਮੰਤਵ ਜਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਹਰ ਵਰਗ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾ ਪ੍ਰਦਾਨ ਕਰਨਾ ਹੈ। ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਦੌਰਾਨ ਮਰੀਜਾਂ ਦੀਆਂ ਅੱਖਾਂ ਦੀ ਮੁਕੰਮਲ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਜਿਹੜੇ ਵੀ ਮਰੀਜਾਂ ਦੀਆਂ ਅੱਖਾਂ ਵਿੱਚ ਕਾਲਾ ਜਾਂ ਚਿੱਟਾ ਮੋਤੀਆ ਪਾਇਆ ਜਾਵੇਗਾ ਉਨ੍ਹਾਂ ਦਾ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਮੁਫ਼ਤ ਆਪ੍ਰੇਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿੱਚ ਚਲਾਈ ਗਈ ‘‘ਰੋਸ਼ਨੀ ਸਕੀਮ’’ ਤਹਿਤ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਅੱਖਾਂ ’ਚ ਮੋਤੀਆਬਿੰਦ ਦੇ ਮਰੀਜਾਂ ਦੀ ਪਹਿਚਾਣ ਕਰਨ ਲਈ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ ਅਤੇ ਅੱਖਾਂ ਵਿੱਚ ਖਰਾਬੀ ਪਾਏ ਜਾਣ ਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ।ਉਹਨਾਂ ਦੱਸਿਆ ਕਿ ‘‘ਰੋਸ਼ਨੀ ਸਕੀਮ’’ ਤਹਿਤ ਜਿਲ੍ਹੇ ਦੇ 100 ਫੀਸਦੀ ਮਰੀਜਾਂ ਨੂੰ ਮੋਤੀਆਬਿੰਦ ਦੀ ਬਿਮਾਰੀ ਤੋਂ ਨਿਜਾਤ ਦਵਾਈ ਜਾਵੇਗੀ। ਇਸ ਮੌਕੇ ਬੀ.ਡੀ.ਪੀ.ਓ. ਸਹਿਣਾ ਸੁਖਵਿੰਦਰ ਸਿੰਘ ਸੰਧੂ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਜੈ ਗੁਪਤਾ, ਪਿੰਡ ਸਰਪੰਚ ਮਨਜੀਤ ਸਿੰਘ, ਪੰਚ ਮਿੱਠੂ ਸਿੰਘ, ਮਿੰਟੂ ਸਿੰਘ, ਦਰਸ਼ਨ ਸਿੰਘ, ਪਾਲ ਸਿੰਘ, ਸੀਰਾ ਸਿੰਘ, ਲਖਵੀਰ ਸਿੰਘ, ਜਗਰਾਜ ਸਿੰਘ ਅਤੇ ਸਬੰਧਤ ਅਧਿਕਾਰੀ, ਕਰਮਚਾਰੀ ਅਤੇ ਆਸ਼ਾ ਵਰਕਰ ਹਾਜ਼ਰ ਸਨ।
ਸੰਜੀਵਨੀ ਕੈਂਪ ਤਹਿਤ ਜ਼ਰੂਰਤਮੰਦ ਲੋਕਾਂ ਨੇ ਲਿਆ ਮੈਡੀਕਲ ਕੈਂਪ ਦਾ ਲਾਭ



