ਮ੍ਰਿਕਤ ਦੇ ਭਰਾ ਨੇ ਕਿਹਾ ਜ਼ਮੀਨੀ ਵਿਵਾਦ ਕਾਰਨ ਹੋਇਆ ਕਤਲ
ਤਲਵੰਡੀ ਸਾਬੋ, 21 ਸਤੰਬਰ (ਰਾਮ ਰੇਸ਼ਮ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਖੇ ਇੱਕ ਕਿਸਾਨ ਦੀ ਜ਼ਹਿਰੀਲੀ ਦਵਾਈ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਚੌਂਕੀ ਸੀਂਗੋ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਤੇ ਪੰਚਾਇਤੀ ਕਾਰਵਾਈ ਦੇ ਅਧਾਰ ‘ਤੇ ਇਸ ਭੇਦਭਰੀ ਮੌਤ ਦੇ ਮਾਮਲੇ ਵਿੱਚ 174 ਦੀ ਕਾਰਵਾਈ ਕਰਕੇ ਪੱਲਾ ਝਾੜ ਦਿੱਤਾ ਹੈ ਜਦੋਂ ਕਿ ਮ੍ਰਿਤਕ ਦੇ ਪਿੰਡ ਸ਼ੇਖਪੁਰਾ ਵਾਸੀ ਵੱਡੇ ਭਰਾ ਨੇ ਇਸ ਮੌਤ ਨੂੰ ਕਤਲ ਕਰਾਰ ਦਿੰਦਿਆਂ ਕਥਿਤ ਕਾਤਲਾਂ ਖਿਲਾਫ ਸਥਕ ਕਾਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 38 ਸਾਲਾ ਨਿਰਮਲ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਨੰਗਲਾ ਨੂੰ ਬੀਤੀ ਸ਼ਾਮ ਉਸਦੇ ਲਹਿਰੀ ਰੋਡ, ਨੰਗਲਾ ਵਾਲੇ ਖੇਤੋਂ ਸਹਿਕਦੇ ਹੋਏ ਨੂੰ ਚੁੱਕ ਕੇ ਪਹਿਲਾਂ ਟਾਂਡੀਆਂ ਅਤੇ ਉਥੋਂ ਜਵਾਬ ਮਿਲਣ ‘ਤੇ ਤਲਵੰਡੀ ਸਾਬੋ ਇਲਾਜ਼ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਤਿੰਨ ਧੀਆਂ ਅਤੇ ਇੱਕ ਪੁੱਤਰ ਦੇ ਬਾਪ ਮ੍ਰਿਤਕ ਨਿਰਮਲ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਵੀ ਭਾਵੇਂ ਕੱਲ੍ਹ ਤੋਂ ਲੈ ਕੇ ਅੱਜ ਦੁਪਹਿਰ ਤੱਕ ਕਥਿਤ ਕਾਤਲਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਜ਼ਿੱਦ ‘ਤੇ ਅੜੀ ਹੋਈ ਸੀ ਪ੍ਰੰਤੂ ਕੁੱਝ ਕਿਸਾਨ ਆਗੂਆਂ ਅਤੇ ਪਿੰਡ ਦੇ ਮੋਹਤਬਰਾਂ ਦੇ ਕਥਿਤ ਦਖਲ਼ ਕਾਰਨ ਉਹ ਇਸ ਮੌਤ ਨੂੰ ਕਰਜਾਈ ਕਿਸਾਨਾਂ ਦੀ ਲੜੀ ਵਿੱਚ ਸ਼ਾਮਿਲ ਕਰਨ ਲਈ ਮੰਨ ਗਈ ਦੱਸੀ ਜਾ ਰਹੀ ਹੈ। ਜਿਸ ਕਾਰਨ ਪੁਲਿਸ ਨੇ ਇਸ ਸਬੰਧ ਵਿੱਚ ਮ੍ਰਿਤਕ ਦਾ ਪੋਸਟ ਮਾਰਟਮ ਅਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਿਸਾਦ ਅੱਜ ਪਿੰਡ ਨੰਗਲਾ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਪਿੰਡ ਸ਼ੇਖਪੁਰਾ ਵਿਖੇ ਰਹਿੰਦੇ ਮ੍ਰਿਤਕ ਦੇ ਵੱਡੇ ਭਰਾ ਡਾ. ਸੁਖਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਨ 2012 ਵਿੱਚ ਉਹਨਾਂ ਨੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੂੰ ਆਪਣੀ ਜ਼ਮੀਨ ਦਾ ਇੱਕ ਟੁਕੜਾ ਵੇਚਿਆ ਸੀ ਪ੍ਰੰਤੂ ਜ਼ਮੀਨ ਦੀ ਰਜਿਸਟਰੀ ਕਰਵਾਉਣ ਉਪਰੰਤ ਖਰੀਦਦਾਰਾਂ ਨੇ ਨਿਰਮਲ ਸਿੰਘ ਅਤੇ ਸੁਖਵਿੰਦਰ ਸਿੰਘ ਉਕਤ ਨੂੰ ਜ਼ਮੀਨ ਦੇ ਪੈਸੇ ਦੇ ਤੋਂ ਸਿਰਫ ਇਨਕਾਰ ਹੀ ਨਹੀਂ ਕੀਤੀ ਸਗੋਂ ਜਦੋਂ ਉਹ ਜ਼ਮੀਨ ਦੇ ਪੈਸੇ ਦੇਣ ਤੋਂ ਮੁੱਕਰਨ ਵਾਲੇ ਵਿਅਕਤੀਆਂ ਦੇ ਘਰ ਆਪਣੇ ਪੈਸੇ ਮੰਗਣ ਗਏ ਤਾਂ ਕਥਿਤ ਤੌਰ ‘ਤੇ ਉਹਨਾਂ ਨੇ ਮ੍ਰਿਤਕ ਕਿਸਾਨ ਅਤੇ ਉਸ ਦੇ ਗਏ ਵਿਅਕਤੀਆਂ ਨੂੰ ਪਿਸਤੌਲ ਤਾਣ ਕੇ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਦੀ ਇਤਲਾਹ ਉਹਨਾਂ ਵੱਲੋਂ ਵਿਖਾਈ ਕਾਪੀ ਅਨੁਸਾਰ 2 ਫਰਵਰੀ, 2016 ਨੂੰ ਪੁਲਿਸ ਚੌਂਕੀ ਸੀਂਗੋ ਵਿੱਚ ਦਿੱਤੀ ਸੀ ਪ੍ਰੰਤੂ ਉਸਤੇ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਵੀ ਡਾ. ਸੁਖਵਿੰਦਰ ਸਿੰਘ ਨੇ ਲਾਉਂਦਿਆਂ ਕਿਹਾ ਕਿ ਹੁਣ ਸਾਡੀ ਜ਼ਮੀਨ ‘ਤੇ ਕਬਜ਼ਾ ਕਰਕੇ ਰੁਪਏ ਨਾ ਦੇਣ ਵਾਲੇ ਵਿਅਕਤੀਆਂ ਨੇ ਉਸਦੇ ਭਰਾ ਨਿਰਮਲ ਸਿੰਘ ਨੂੰ ਸ਼ਰਾਬ ਵਿੱਚ ਮਿਲਕਾ ਕੇ ਜ਼ਹਿਰੀਲੀ ਦਵਾਈ ਪਿਲਾਈ ਹੈ ਜਿਸ ਕਾਰਨ ਉਸਦੀ ਮੌਤ ਹੋਈ ਹੈ। ਡਾ. ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਇਹ ਘਟਨਾ ਰੋਕੀ ਜਾ ਸਕਦੀ ਸੀ ਅਤੇ ਹੁਣ ਪੁਲਿਸ ਦੋਸ਼ੀਆਂ ਦਾ ਪੱਖ ਲੈ ਕੇ ਕਤਲ ਦੀ ਘਟਨਾ ਨੂੰ ਖੁਦਕੁਸ਼ੀ ਦਾ ਰੂਪ ਦੇ ਰਹੀ ਹੈ। ਦੂਸਰੇ ਪਾਸੇ ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਹੀ ਉਸਦੀ ਵਾਰਿਸ ਹੈ ਅਤੇ ਅਸੀਂ ਉਸਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਹੈ ਜਦੋਂ ਕਿ ਮ੍ਰਿਤਕ ਦਾ ਭਾਈ ਸਾਡੇ ਕੋਲ ਕੋਈ ਕੰਪਲੇਂਟ ਲੈ ਕੇ ਨਹੀਂ ਆਇਆ।



