ਬ੍ਰਿਸਬੇਨ, 18 ਸਤੰਬਰ (ਸਤਵਿੰਦਰ ਟੀਨੂੰ)-ਕਲ ਆਸਟਰੇਲੀਆ ਦੇ ਸ਼ਹਿਰ ਬਰਿਸਬੇਨ ਵਿਚ ਦੂਜਾ ਦਿਵਾਲੀ ਮੇਲਾ ਬੜੇ ਹੀ ਸੁਚਜੇ ਪ੍ਰਬੰਧਾਂ ਨਾਲ ਮਨਾਇਆ ਗਿਆ । ਆਸਟਰੇਲੀਆ ਵਿਚ ਹਰ ਭਾਰਤੀ ਤਿਓਹਾਰ ਨੂੰ ਪਰਿਵਾਰਿਕ ਦਿਖ ਦੇ ਕੇ ਮਨਾਉਣ ਦੀ ਸ਼ੁਰੂਆਤ ਕਰਨ ਵਾਲੇ ਉਘੇ ਪ੍ਰਬੰਧਕ ਰੌਕੀ ਭੁਲਰ, ਕਮਰ ਬਲ, ਸੰਨੀ ਅਰੌੜਾ ਅਤੇ ਰਾਜ ਨਰੂਲਾ ਦੀ ਟੀਮ ਵਲੋਂ ਸਥਾਨਿਕ ਰੌਕਲੀ ਸ਼ੌਅ ਗਰਾਊਂਡ ਵਿਚ ਦਿਵਾਲੀ ਦਾ ਮੇਲਾ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ । ਜਿਸ ਵਿਚ ਪੰਜਾਬੀ ਭਾਈਚਾਰੇ ਨੇ ਵਡੀ ਗਿਣਤੀ ਵਿਚ ਸ਼ਿਰਕਤ ਕੀਤੀ । ਮੇਲੇ ਵਿਚ ਬਚਿਆ ਲਈ ਝੂਲਿਆਂ, ਖੇਡਾਂ ਅਤੇ ਆਕਰਸ਼ਨ ਦੇ ਹੋਰਨਾਂ ਮਾਧਿਅਮਾੰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ । ਇਹਨਾਂ ਮੇਲਿਆਂ ਵਿਚ ਜਿਥੇ ਸਭਿਆਚਾਰ ਅਤੇ ਵਿਰਸੇ ਦੀ ਮਨਮੋਹਕ ਪੇਸ਼ਕਾਰੀ ਸੀ, ਉਥੇ ਭਾਰਤੀ ਖਾਣੇ ਅਤੇ ਸਟਰੀਟ ਫੂਡ ਦੇ ਰੰਗ-ਬਿਰੰਗੇ ਸਟਾਲਾਂ ਤੇ ਸਾਰਾ ਦਿਨ ਲੋਕਾਂ ਦੀ ਭਰਮਾਰ ਬਣੀ ਰਹੀ । ਮੇਲੇ ਦੀ ਵਿਸ਼ੇਸ ਖਿਚ ਸਭਿਆਚਾਰਿਕ ਗੀਤ-ਸੰਗੀਤ ਦੇ ਤਹਿਤ ਆਯੋਜਿਤ ਕੀਤਾ ਗਿਆ ਰੰਗਾ-ਰੰਗ ਪ੍ਰੋਗਰਾਮ ਸੀ । ਮੇਲੇ ਦੀ ਸ਼ੁਰੂਆਤ ਸਥਾਨਿਕ ਗਾਇਕਾਂ ਨੇ ਕੀਤੀ, ਇਸ ਤੋਂ ਬਾਅਦ ਸੁਰਖ਼ਾਬ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਦਰਸ਼ਕਾਂ ਨੂੰ ਬੰਨ ਕੇ ਰਖ ਦਿਤਾ । ਇਸ ਤੋਂ ਬਾਅਦ ਉਡੀਕੇ ਜਾ ਰਹੇ ਹਰਮਨ ਪਿਆਰੇ ਗਾਇਕ ਮਨਕੀਰਤ ਔਲਖ ਨੇ ਸਟੇਜ ਤੇ ਤਾੜੀਆਂ ਦੀ ਗੂੰਜ ਵਿਚ ਵਖਰੇ ਅੰਦਾਜ਼ ਵਿਚ ਐਂਟਰੀ ਕੀਤੀ, ਅਤੇ ਇਕ ਤੋਂ ਬਾਅਦ ਇਕ ਦਿਲਕਸ਼ ਗੀਤ ਦਰਸ਼ਕਾਂ ਦੇ ਸਨਮੁਖ ਕਰਕੇ ਸਰੋਤਿਆਂ ਨੂੰ ਝੂੰਮਣ ਲਾ ਦਿਤਾ । ਸਟੇਜ ਸੰਚਾਲਕ ਦੀ ਭੂਮਿਕਾ ਗਗਨ ਪੋਪਲੀ, ਪ੍ਰੀਤ ਸਿਆਂ ਅਤੇ ਜਸਕਰਨ ਕੌਰ ਨੇ ਸੰਯੁਕਤ ਰੂਪ ਵਿਚ ਬਹੁਤ ਹੀ ਸਲੀਕੇ ਅਤੇ ਸ਼ਾਇਰਾਨਾ ਤਰੀਕੇ ਨਾਲ ਨਿਭਾਈ । ਦਿਵਾਲੀ ਮੇਲੇ ਦੇ ਅੰਤ ਵਿਚ ਆਤਿਸ਼ਬਾਜ਼ੀ ਨੇ ਇਕ ਵਾਰ ਆਸਮਾਨ ਵਿਚ ਰੰਗਾਂ ਦੀ ਬੁਛਾਰ ਕਰ ਦਿਤੀ । ਬਚਿਆਂ ਅਤੇ ਔਰਤਾਂ ਦੀ ਭਾਰੀ ਗਿਣਤੀ ਵਿਚ ਹਾਜ਼ਰੀ ਨੇ ਮੇਲੇ ਨੂੰ ਚਾਰ ਚੰਨ ਲਾ ਦਿਤੇ । ਸਰੁਖਿਆ ਅਤੇ ਪਾਰਕਿੰਗ ਦੇ ਪੁਖਤਾ ਪ੍ਰਬੰਧਾਂ ਕਾਰਨ ਪੰਜਾਬੀ ਭਾਈਚਾਰੇ ਨੇ ਪ੍ਰਬੰਧਕਾਂ ਨੂੰ ਸ਼ੋਸਲ ਮੀਡੀਏ ਅਤੇ ਨਿਜੀ ਰੂਪ ਵਿਚ ਮੁਬਾਰਕਬਾਦ ਦਿਤੀ ।
ਬ੍ਰਿਸਬੇਨ ’ਚ ਦੂਜਾ ਦੀਵਾਲੀ ਮੇਲਾ ਯਾਦਗਾਰੀ ਹੋ ਨਿੱਬੜਿਆ


