ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਬੀਤੇ ਦਿਨ ਪਹਿਲਾ ਅਖੌਤੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਪ੍ਰਤੀ ਕੂੜ ਪ੍ਰਚਾਰ ਕੀਤਾ ਗਿਆ ਜਿਸ ਦੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਇਕੱਠ ਵਿੱਚ ਭਾਰੀ ਨਿਖੇਧੀ ਕੀਤੀ ਗਈ। ਇਸ ਇਕੱਠ ਮੌਕੇ ਆਗੂਆਂ ਨੇ ਕਿਹਾ ਕਿ ਕੁਝ ਸਾਜਸ਼ੀ ਲੋਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਅਹੁੱਦੇਦਾਰਾਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ। ਅਸੀਂ ਭਾਈ ਅਮਰਜੀਤ ਸਿੰਘ ਚਾਵਲਾ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਇਲਾਕੇ ਦੀ ਸੇਵਾ ਕੀਤੀ ਅਤੇ ਧਰਮ ਪ੍ਰਚਾਰ ਦੇ ਕੰਮਾਂ ਵਿੱਚ ਇਤਿਹਾਸਕ ਕਾਰਜ ਕੀਤੇ ਹਨ। ਭਾਵੇਂ ਕਈ ਕੁਝ ਲੋਕ ਉਨ੍ਹਾਂ ਪ੍ਰਤੀ ਜਾਤੀ ਤੌਰ ਤੇ ਘਟੀਆ ਸ਼ਬਦਾਵਲੀ ਵਰਤ ਰਹੇ ਹਨ ਪਰੰਤੂ ਭਾਈ ਚਾਵਲਾ ਨੇ ਕਦੇ ਵੀ ਕਿਸੇ ਪ੍ਰਤੀ ਗਲ਼ਤ ਬਿਆਨਬਾਜੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਵਾਦ ਵਿਵਾਦ ਵਿੱਚ ਪਏ ਅਤੇ ਇਲਾਕੇ ਵਿੱਚ ਵੱਡੇ ਛੋਟਿਆਂ ਨੂੰ ਮਾਣ ਸਤਿਕਾਰ ਦਿੱਤਾ ਅਤੇ ਪਿਆਰ ਵੰਡਿਆ ਹੈ। ਉਹਨਾਂ ਕਿਹਾ ਕਿ ਇਲਾਕੇ ਵਿੱਚ ਕਦੇ ਵੀ ਧੜੇਬੰਦੀ ਨਹੀਂ ਬਣਾਈ ਅਤੇ ਨਾ ਹੀ ਕਿਸੇ ਪ੍ਰਤੀ ਗਲਤ ਇਲਜਾਮਬਾਜੀ ਕੀਤੀ ਹੈ। ਬਾਬਾ ਦਾਦੂਵਾਲ ਵੱਲੋਂ ਪੰਥ ਦੇ ਇਸ ਮਹਾਨ ਸੇਵਕ ਭਾਈ ਚਾਵਲਾ ਪ੍ਰਤੀ ਗਲਤ ਸ਼ਬਦਾਵਲੀ ਅਤੇ ਝੂਠੀ ਬਿਆਨਬਾਜੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਧਰਮੀ ਪਹਿਰਾਵਾ ਚੋਲਾ ਪਹਿਨਿਆ ਹੋਇਆ ਹੈ ਉਨ੍ਹਾਂ ਨੂੰ ਘੱਟੋ ਘੱਟ ਉਸ ਦੀ ਲਾਜ ਰੱਖ ਲੈਣੀ ਚਾਹੀਦੀ ਹੈ ਅਤੇ ਝੂਠ ਨਹੀਂ ਬੋਲਣਾ ਚਾਹੀਦਾ। ਅਖੌਤੀ ਬਲਜੀਤ ਸਿੰਘ ਦਾਦੂਵਾਲ ਵੱਲੋਂ ਪਹਿਲਾਂ ਅਖੌਤੀ ਜਥੇਦਾਰ ਬਣ ਕੇ ਕੌਮ ਵਿੱਚ ਦੁਬਿਧਾ ਪਾਈ ਹੋਈ ਹੈ ਅਤੇ ਹੁਣ ਡੇਰੇ ਨੂੰ ਕਬਜ਼ੇ ਵਿੱਚ ਲੈਣ ਖਾਤਰ ਇਲਾਕੇ ਵਿੱਚ ਵੰਡੀਆਂ ਪਾ ਰਿਹਾ ਹੈ ਅਤੇ ਸਿੱਖਾਂ ਦੀ ਚੁਣੀ ਹੋਈ ਸਿਰਮੌਰ ਸੰਸਥਾ ਨੂੰ ਲਾਂਭੇ ਕਰਕੇ ਆਪਣਾ ਨਾਮ ਚਮਕਾਉਣ ਦੀ ਖਾਤਰ ਕੌਮ ਵਿੱਚ ਵੰਡੀਆਂ ਪਾ ਰਿਹਾ ਹੈ। ਇਸ ਅਖੌਤੀ ਸਾਧ ਨੂੰ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ ਆਉਣ ਲਈ ਤਾੜਨਾ ਕੀਤੀ ਜਾਂਦੀ ਹੈ। ਇਸ ਇਕੱਠ ਵਿੱਚ ਬਾਬਾ ਜਰਨੈਲ ਸਿੰਘ, ਮਨਜੀਤ ਸਿੰਘ ਬਾਸੋਵਾਲ ਸਰਕਲ ਪ੍ਰਧਾਨ, ਮਾਸਟਰ ਹਰਜੀਤ ਸਿੰਘ ਅਚਿੰਤ ਸਰਕਲ ਪ੍ਰਧਾਨ, ਜਤਿੰਦਰ ਸਿੰਘ ਧਾਲੀਵਾਲ, ਗੁਰਦੇਵ ਸਿੰਘ ਕੰਗ ਸੂਰੇਵਾਲ, ਮਹਿੰਦਰ ਸਿੰਘ ਬੇਦੀ, ਰਾਮ ਸਿੰਘ ਮਜਾਰਾ, ਸੰਦੀਪ ਸਿੰਘ ਕਲੌਤਾ ਸਰਪੰਚ, ਹਰਦੇਵ ਸਿੰਘ ਐਡਵੋਕੇਟ, ਸੁਖਦੇਵ ਸਿੰਘ ਨੰਬਰਦਾਰ, ਜਰਨੈਲ ਸਿੰਘ ਠੇਕੇਦਾਰ, ਅਜਮੇਰ ਸਿੰਘ ਢੇਰ, ਜਰਨੈਲ ਸਿੰਘ ਵਾਈਸ ਚੇਅਰਮੈਨ, ਦਵਿੰਦਰ ਸਿੰਘ ਰਾਣਾ, ਮਨਿੰਦਰ ਸਿੰਘ ਮਨੀ, ਅਮਰ ਸਿੰਘ, ਭਾਗ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਕੌਰ ਸਰਪੰਚ ਬੀਕਾਪੁਰ, ਸੁਰਿੰਦਰ ਕੌਰ ਸਰਪੰਚ ਕਲੌਤਾ, ਧਰਮਵੀਰ ਸਿੰਘ ਸਰਪੰਚ, ਹਰਿੰਦਰ ਸਿੰਘ ਪੰਚ ਗੱਜਪੁਰ, ਊਸ਼ਾ ਰਾਣੀ ਸਰਪੰਚ ਨਿੱਕੂਵਾਲ, ਲਵਦੀਪ ਸਿੰਘ ਦੋਲੋਵਾਲ, ਕੁਲਵਿੰਦਰ ਸਿੰਘ ਸੱਧੇਵਾਲ, ਗੋਲਡੀ ਸੂਰੇਵਾਲ ਆਦਿ ਸ਼ਾਮਲ ਸਨ।
ਕੁਝ ਸਾਜਸ਼ੀ ਲੋਕ ਸ਼੍ਰੋਮਣੀ ਕਮੇਟੀ ਅਤੇ ਉਸ ਦੇ ਅਹੁਦੇਦਾਰਾਂ ਨੂੰ ਬਦਨਾਮ ਕਰਨ ’ਤੇ ਲੱਗੇ ਹੋਏ ਨੇ : ਆਗੂ



