ਫਰੀਦਕੋਟ, 7 ਸਤੰਬਰ (ਗੁਰਜੀਤ ਰੋਮਾਣਾ)- 12 ਵੀ ਸਦੀ ਦੇ ਮਹਾਨ ਸੂਫ਼ੀ ਸੰਤ ਸ਼ੇਖ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰੀਦਕੋਟ ਸਭਿਆਚਾਰਕ ਸੁਸਾਇਟੀ ਅਤੇ ਚੇਅਰਮੈਨ ਟਿਲਾ ਬਾਬਾ ਫਰੀਦ ਸ. ਇੰਦਰਜੀਤ ਸਿੰਘ ਖਾਲਸਾ ਦੇ ਸਹਿਯੋਗ ਨਾਲ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਚਲ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਸਭਿਆਚਾਰਕ ਸੁਸਾਇਟੀ ਸ੍ਰੀ ਰਾਜੀਵ ਪਰਾਸ਼ਰ ਨੇ ਦਸਿਆ ਕਿ ਮੇਲੇ ‘ਚ ਦੇਸ਼ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਸ਼ਰਧਾਲੂਆਂ ਵਲੋਂ ਵਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਬਾਬਾ ਫਰੀਦ ਜੀ ਦਾ ਅਸ਼ੀਰਵਾਰ ਲਿਆ ਜਾਂਦਾ ਅਤੇ ਆਪਣੀ ਆਤਮਾ ਨੂੰ ਇਲਾਹੀ ਬਾਣੀ ਰਾਹੀਂ ਤ੍ਰਿਪਤ ਕਰਦੇ ਹਨ। ਉਨ੍ਹਾਂ ਆਖਿਆ ਕਿ ਲੋਕਾਂ ਦੀਆਂ ਸ਼ਰਧਾ-ਭਾਵਨਾ ਨੂੰ ਦੇਖਦਿਆਂ ਵਧੀਆ ਇੰਤਜ਼ਾਮ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ ਤਾਂ ਕਿ ਇਸ ਦਾ ਪਸਾਰ ਦੇਸ਼ ਵਿਦੇਸ਼ ‘ਚ ਵਸਦੇ ਬਾਬਾ ਫਰੀਦ ਨਾਮ ਲੇਵਾ ਜੀਵਾਂ ਤਕ ਪਹੁੰਚ ਸਕੇ।ਸ੍ਰੀ ਪਰਾਸ਼ਰ ਨੇ ਦਸਿਆ ਫਰੀਦਕੋਟ ਸ਼ਹਿਰ ਦੀ ਨੁਹਾਰ ਨੂੰ ਸੁਧਾਰਣ ਲਈ ਮੁਰਮੰਤ ਦਾ ਕੰਮ ਜਾਰੀ ਹੈ।ਉਨ੍ਹਾਂ ਦਸਿਆ ਕਿ ਹਾਲ ਦੀ ਘੜੀ ਦਰਬਾਰ ਗੰਜ ਰੈਸਟ ਹਾਊਸ ’ਚ ਬਣੇ ਪਾਰਕ ਦੀ ਕੰਮ ਜੰਗੀ ਪਧਰ ਤੇ ਚਲ ਰਿਹਾ ਹੈ। ਇਹ ਕੰਮ ਦੇਰ ਰਾਤ ਤਕ ਜਾਰੀ ਰਹਿੰਦਾ ਹੈ।ਉਨ੍ਹਾਂ ਦਸਿਆ ਕਿ ਰੈਸਟ ਹਾਊਸ ’ਚ ਬਚਿਆਂ ਦੇ ਮਨੋਰੰਜਨ ਪਾਰਕ ਦੇ ਲਗਾਏ ਝੂਲੇ ਆਦਿ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪਾਰਕ ‘ਚ ਲਗੀਆਂ ਰੰਗ-ਬਿਰੰਗੀਆਂ ਲਾਈਟਾਂ ਨੂੰ ਵੀ ਬਦਲਿਆ ਜਾ ਰਿਹਾ ਹੈ।
ਬਾਬਾ ਫਰੀਦ ਆਗਮਨ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਦਰਬਾਰ ਗੰਜ ਰੈਸਟ ਹਾਊਸ ਪਾਰਕ ਦਾ ਨਵੀਨੀਕਰਨ ਸ਼ੁਰੂ : ਡੀ.ਸੀ.



