ਲੁਧਿਆਣਾ 6 ਸਤੰਬਰ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ ਦੀਆਂ 6 ਕਿਸਮਾਂ ਜਾਰੀ ਕੀਤੀਆਂ ਗਈਆਂ । ਪੰਜਾਬ ਵਿੱਚ ਕਾਸ਼ਤ ਲਈ ਕਣਕ ਦੀ ਉਨਤ ਪੀ ਬੀ ਡਬਲਯੂ 343, ਉਨਤ ਪੀ ਬੀ ਡਬਲਯੂ-550 ਅਤੇ ਪੀ ਬੀ ਡਬਲਯੂ-1 ਜ਼ਿੰਕ ਜਾਰੀ ਕੀਤੀਆਂ ਗਈਆਂ ਹਨ । ਇਸੇ ਤਰਾਂ ਸਰੋਂ ਦੀ ਗਿਰੀਰਾਜ, ਬਰਸੀਮ ਦੀ ਬੀ ਐਲ-43, ਅਤੇ ਜੌਂਅ ਦੀ ਓ ਐਲ-11 ਕਿਸਮ ਜਾਰੀ ਕੀਤੀ ਗਈ ਹੈ । ਇਹ ਸਾਰੀਆਂ ਕਿਸਮਾਂ ਸੂਬਾ ਪੱਧਰੀ ਕਿਸਮਾਂ ਜਾਰੀ ਕਰਨ ਵਾਲੀ ਕਮੇਟੀ ਦੀ ਮੀਟਿੰਗ ਉਪਰੰਤ ਜਾਰੀ ਕੀਤੀਆਂ ਗਈਆਂ ਜਿਸ ਦੀ ਪ੍ਰਧਾਨਗੀ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਜੇ ਐਸ ਬੈਂਸ ਨੇ ਕੀਤੀ । ਇਸ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਵੀ ਹਾਜ਼ਰ ਸਨ । ਉਨਤ ਪੀ ਬੀ ਡਬਲਯੂ 550 ਕਿਸਮ ਪੀ ਬੀ ਡਬਲਯੂ 550 ਦਾ ਸੋਧਿਆ ਹੋਇਆ ਰੂਪ ਹੈ। ਇਸ ਦਾ ਔਸਤ ਕੱਦ 86 ਸੈਂਟੀਮੀਟਰ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਰਹਿਤ ਹੈ । ਇਹ ਤਕਰੀਬਨ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਔਸਤ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਚੌਥੇ ਹਫ਼ਤੇ ਤੱਕ ਕਰੋ ਅਤੇ 45 ਕਿੱਲੋ ਬੀਜ ਪ੍ਰਤੀ ਏਕੜ ਵਰਤੋ । ਉਨਤ ਪੀ ਬੀ ਡਬਲਯੂ 343 ਕਿਸਮ ਪੀ ਬੀ ਡਬਲਯੂ 343 ਦਾ ਸੋਧਿਆ ਹੋਇਆ ਰੂਪ ਹੈ। ਇਸ ਦਾ ਔਸਤ ਕੱਦ 100 ਸੈਂਟੀਮੀਟਰ ਹੈ। ਇਹ ਕਿਸਮ ਭੂਰੀ ਕੁੰਗੀ ਦਾ ਪੂਰੀ ਤਰਾਂ ਅਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰਦੀ ਹੈ ਪਰ ਕਾਂਗਿਆਰੀ ਇਸ ਨੂੰ ਲੱਗ ਸਕਦੀ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ-1 ਜ਼ਿੰਕ ਕਿਸਮ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵੱਧ ਹੈ ਜੋ ਕਿ ਮਨੁੱਖੀ ਖੁਰਾਕ ਲਈ ਇੱਕ ਜ਼ਰੂਰੀ ਤੱਤ ਹੈ । ਇਸ ਦਾ ਔਸਤ ਕੱਦ 103 ਸੈਂਟੀਮੀਟਰ ਹੈ । ਇਹ ਕਿਸਮ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ ਤੇ ਟਾਕਰਾ ਕਰ ਸਕਦੀ ਹੈ ਪਰ ਕਾਂਗਿਆਰੀ ਇਸ ਨੂੰ ਲੱਗ ਸਕਦੀ ਹੈ । ਇਹ ਕਿਸਮ ਤਕਰੀਬਨ 151 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦਾ ਔਸਤ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ । ਇਸੇ ਤਰਾਂ ਗਿਰੀਰਾਜ ਸਰੋਂ ਦੀ ਕਿਸਮ ਸੂਬੇ ਵਿੱਚ ਕਾਸ਼ਤ ਕਰਨ ਲਈ ਸਿਫ਼ਾਰਸ਼ ਕੀਤੀ ਗਈ ਹੈ ਜਿਸ ਦਾ ਔਸਤਨ ਝਾੜ 7.7 ਕੁਇੰਟਲ ਪ੍ਰਤੀ ਏਕੜ ਹੈ ਅਤੇ ਪੱਕਣ ਵਿੱਚ 144 ਦਿਨ ਲੈਂਦੀ ਹੈ । ਇਸੇ ਤਰਾਂ ਬਰਸੀਮ ਦੀ ਬੀ ਐਲ-43 ਕਿਸਮ ਚੰਗੇਰੀ ਕਿਸਮ ਹੈ । ਜਿਸਦਾ ਜੂਨ ਦੇ ਪਹਿਲੇ ਹਫ਼ਤੇ ਤੱਕ ਚਾਰੇ ਦਾ ਝਾੜ 290 ਕੁਇੰਟਲ ਦੇਖਿਆ ਗਿਆ ਹੈ । ਇਸੇ ਤਰਾਂ ਜੌ ਦੀ ਨਵੀਂ ਕਿਸਮ ਓ ਐਲ-11 ਦਾ ਔਸਤਨ ਚਾਰੇ ਦਾ ਝਾੜ 245 ਕੁਇੰਟਲ ਪ੍ਰਤੀ ਏਕੜ ਹੈ ਜਦਕਿ ਬੀਜ ਦਾ ਝਾੜ 8.5 ਕੁਇੰਟਲ ਪ੍ਰਤੀ ਏਕੜ ਹੈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਕਾਸ਼ਤ ਲਈ ਵੱਖ-ਵੱਖ ਫ਼ਸਲਾਂ ਦੀਆਂ 6 ਕਿਸਮਾਂ ਜਾਰੀ



