Skip to content
Independent perspectives. Global stories.
BREAKING

ਦਸ ਫਸਲਾਂ ਮਾਰੇ ਜਾਣ ਕਾਰਨ ਇੱਕ ਦਰਜ਼ਨ ਪਿੰਡਾਂ ਦੇ ਕਿਸਾਨ ਹੋਏ ਕੰਗਾਲ

Share this story

ਸਰਦੂਲਗੜ੍ਹ, 4 ਸਤੰਬਰ (ਬਲਜੀਤ ਪਾਲ, ਵਿਪਨ ਗੋਇਲ)- ਪਿਛਲੇ ਦਿਨ ਪਏ ਭਾਰੀ ਮੀਂਹ ਕਾਰਨ ਫਸਲਾਂ ਮਰਨ ਵਾਲੇ ਪਿੰਡਾਂ ਜਟਾਣਾ ਖੁਰਦ , ਕੋਟੜਾ ਅਤੇ ਚੂਹੜੀਆਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮਈ ਮਹੀਨੇ ਅਗੇਤਾ ਝੋਨਾ ਲਗਾਏ ਜਾਣ ਦੀ ਮਨਜ਼ੂਰੀ ਮੰਗੀ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਸਾਨੂੰ ਕੁਸਲਾ ਪਿੰਡ ਵਾਂਗ ਮਈ ਮਹੀਨੇ ਅਗੇਤਾ ਝੋਨਾ ਲਗਾਏ ਜਾਣ ਦੀ ਇਜਾਜ਼ਤ ਦੇ ਦੇਵੇ ਤਾਂ ਅਸੀਂ ਬਚ ਜਾਵਾਂਗੇ ਨਹੀਂ ਸਾਡਾ ਉਜਾੜਾ ਯਕੀਨੀ ਹੈ। ਕੋਟੜਾ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ , ਸਾਧੂ ਸਿੰਘ, ਬਾਬੂ ਸਿੰਘ, ਗੁਰਸੇਵਕ ਸਿੰਘ , ਮਹਾਸ਼ਾ ਸਿੰਘ , ਉਗਰ ਸਿੰਘ, ਦਾਰਾ ਸਿੰਘ ਅਤੇ ਹਜਰਭਜਨ ਸਿੰਘ ਨੇ ਦੱਸਿਆ ਪਿਛਲੇ ਦਸ ਸਾਲਾਂ ਤੋਂ ਸਾਡੇ ਪਿੰਡ ਦੀ 400 ਏਕੜ ਨਰਮੇ , ਹਰੇ ਚਾਰੇ,ਸਬਜ਼ੀਆਂ ਅਤੇ ਝੋਨੇ ਦੀ ਪਿਛੇਤੀ ਖੇਤੀ ਮੀਂਹ ਦੇ ਪਾਣੀ ਵਿੱਚ ਡੁੱਬਣ ਕਰਕੇ ਮਾਰੀ ਜਾਂਦੀ ਹੈ।ਪਿੰਡ ਜਟਾਣਾ ਖੁਰਦ ਦੇ ਕਿਸਾਨ ਰਣਜੀਤ ਸਿੰਘ , ਗੁਰਮੇਲ ਸਿੰਘ, ਗੁਲਾਬ ਸਿੰਘ , ਦਰਸ਼ਨ ਸਿੰਘ , ਰਾਜ ਸਿੰਘ ਮੱਖਣ ਸਿੰਘ ਨੇ ਦੱਸਿਆ ਪਿਛਲੇ ਦਸ ਸਾਲ ਤੋਂ ਲਗਾਤਾਰ ਸਾਡੀਆਂ ਸਾਉਣੀ ਦੀਆਂ ਫਸਲਾਂ ਮਰ ਰਹੀਆਂ ਹਨ। ਜਟਾਣਾ ਖੁਰਦ ਦੀ ਨਹਿਰ ਦੇ ਦੋਵੇਂ ਪਾਸੇ ਨਾਲ ਲੱਗਦੀ 500 ਏਕੜ ਨਰਮੇ ਅਤੇ ਝੋਨੇ ਦੀ ਫਸਲ ਮੀਂਹ ਦੇ ਪਾਣੀ ਵਿੱਚ ਡੁੱਬਦੀ ਹੈ। ਇਸੇ ਤਰ੍ਹਾਂ ਚੂਹੜੀਆ ,ਜਟਾਣਾ ਕਲਾਂ, ਘੁੱਦੂਵਾਲਾ , ਫੱਤਾ ਮਾਲੋਕਾ ਦੀ ਗਿਆਰਾਂ ਸੌ ਏਕੜ ਫਸਲ ਵੀ ਹਰ ਦੂਸਰੇ ਸਾਲ ਖ਼ਰਾਬ ਹੋ ਜਾਂਦੀ ਹੈ।ਜੇਕਰ ਕਿਸਾਨਾਂ ਦੇ ਹਰ ਸਾਲ ਹੋਣ ਵਾਲੇ ਇਸ ਨੁਕਸਾਨ ਦਾ ਜੋੜ ਕੀਤਾ ਜਾਵੇ ਤਾਂ ਪ੍ਰਤੀ ਏਕੜ 50 ਹਜ਼ਾਰ ਦੇ ਨੁਕਸਾਨ ਦੇ ਹਿਸਾਬ ਇਹ ਰਾਸ਼ੀ 10 ਕਰੋੜ ਬਣਦੀ ਹੈ। ਇੱਕ ਪਾਸੇ ਕਿਸਾਨਾਂ ਦਾ ਹਰ ਸਾਲ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਦੂਸਰੇ ਪਾਸੇ ਸਥਾਨਕ ਪ੍ਰਸਾਸ਼ਨ ਦੇ ਅਧਿਕਾਰੀ ਖੇਤਾਂ ਤੱਕ ਫੋਕਾ ਗੇੜਾ ਮਾਰਨ ਵੀ ਨਹੀਂ ਪੁੱਜਦੇ। ਹੈਰਾਨੀ ਤਾਂ ਇਸ ਵਿੱਚ ਵੀ ਹੈ ਕਿ ਇੱਕ ਪਾਸੇ ਫਸਲਾਂ ਡੁੱਬ ਰਹੀਆਂ ਹਨ ਪਰ ਦੂਸਰੇ ਪਾਸੇ ਸੀਵਰੇਜ਼ ਮਹਿਕਮੇ ਦੀਆਂ ਚਿੱਟਾ ਹਾਥੀ ਬਣੀਆਂ ਕੁੱਝ ਮੋਟਰਾਂ ਨੇ ਪਾਣੀ ਇੱਕ ਬੂੰਦ ਦੀ ਵੀ ਨਿਕਾਸੀ ਨਹੀਂ ਕੀਤੀ ।ਲੋਕਾਂ ਨੂੰ ਹਲਕੇ ਦੇ ਅਕਾਲੀ ਐਮ ਐਲ ਏ ਅਤੇ ਰਾਜ ਕਰਦੀ ਕਾਗਰਸ ਪਾਰਟੀ ਦੇ ਆਗੂਆਂ ਵੱਲੋਂ ਦੁੱਖ ਨਾ ਵੰਡਾਏ ਜਾਣ ਕਾਰਨ ਭਾਰੀ ਗਿਲਾ ਹੈ। ਐਸ ਡੀ ਐਮ ਲਤੀਫ਼ ਅਹਿਮਦ ਨੇ ਗੱਲਬਾਤ ਦੌਰਾਨ ਕਿਹਾ ਕਿ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਫਸਲਾਂ ਦੇ ਨੁਕਸਾਨ ਬਾਰੇ ਮੈਨੂੰ ਕਿਸੇ ਕਿਸਮ ਦੀ ਜਾਣਕਾਰੀ ਹੀ ਨਹੀਂ ਦਿੱਤੀ। ਉਨ੍ਹਾਂ ਕਿਹਾ ਮੈਂ ਤੁਰੰਤ ਹੀ ਹੁਕਮ ਕਰ ਰਿਹਾ ਹਾਂ ਕਿ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਖੁਦ ਜਾ ਕੇ ਨੁਕਸਾਨ ਦੇ ਅੰਕੜੇ ਇਕੱਠੇ ਕਰਨ। ਉਨ੍ਹਾਂ ਨਾਲ ਹੀ ਕਿਹਾ ਕਿ ਲਿਫਟ ਸਕੀਮ ਵਾਲੀਆਂ ਮੋਟਰਾਂ ਨਾ ਚੱਲਣ ਦੇ ਕਾਰਨਾਂ ਦੀ ਵੀ ਤੁਰੰਤ ਜਾਂਚ ਕੀਤੀ ਜਾਵੇਗੀ ।ਨੋਟਿਸ ਨਾ ਲੈਣ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

WRITTEN BY