ਤਲਵੰਡੀ ਸਾਬੋ, 3 ਸਤੰਬਰ (ਰਾਮ ਰੇਸ਼ਮ ਨਥੇਹਾ)- ਪਿਛਲੇ ਦਿਨਾਂ ਵਿੱਚ ਮਾਲਵੇ ਦੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਉਕਤ ਖਿੱਤੇ ਵਿੱਚ ਪਈ ਭਾਰੀ ਬਾਰਿਸ਼ ਨੇ ਹਰਿਆਣਾ ਦੀ ਹੱਦ ਤੇ ਪੈਂਦੇ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡਾਂ ਕਲਾਲਵਾਲਾ ਅਤੇ ਫੱਤਾਬਾਲੂ ਦੇ ਕਿਸਾਨਾਂ ਲਈ ਭਾਰੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਉਕਤ ਦੋਵਾਂ ਪਿੰਡਾਂ ਦਾ ਰਕਬਾ ਨੀਂਵੇ ਇਲਾਕੇ ਵਿੱਚ ਹੋਣ ਕਰਕੇ ਦੋਵਾਂ ਪਿੰਡਾਂ ਦੇ ਨਰਮੇ ਦੇ ਖੇਤਾਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਖੜ ਗਿਆ ਹੈ ਤੇ ਕਈ ਥਾਂਈਂ ਉਕਤ ਖੇਤ ਪਾਣੀ ਵਿੱਚ ਡੁੱਬ ਦਾ ਖਦਸ਼ਾ ਬਣ ਗਿਆ ਹੈ। ਅੱਜ ਉਕਤ ਖੇਤਾਂ ਦਾ ਹਲਕੇ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਦੌਰਾ ਕਰਦਿਆਂ ਪ੍ਰਸ਼ਾਸਨ ਤੋਂ ਪ੍ਰਭਾਵਿਤ ਕਿਸਾਨਾਂ ਲਈ ਮੁਆਵਜੇ ਦੀ ਮੰਗ ਕੀਤੀ ਹੈ। ਅੱਜ ਕਲਾਲਵਾਲਾ ਅਤੇ ਫੱਤਾਬਾਲੂ ਦੇ ਪਾਣੀ ਨਾਲ ਪ੍ਰਭਾਵਿਤ ਨਰਮੇ ਦੇ ਖੇਤਾਂ ਦਾ ਜਾਇਜਾ ਲੈਣ ਉਪਰੰਤ ਵਿਧਾਇਕਾ ਬਲਜਿੰਦਰ ਕੌਰ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ।ਕਿਸਾਨਾਂ ਨੇ ਇਸ ਮੌਕੇ ਵਿਧਾਇਕਾ ਨੂੰ ਦੱਸਿਆ ਕਿ ਪਹਿਲਾਂ ਵੀ ਨਰਮੇ ਦੀ ਫਸਲ ਚਿੱਟੀ ਮੱਖੀ ਦੀ ਭੇਂਟ ਚੜ ਗਈ ਸੀ ਜਿਸ ਕਾਰਨ ਆਰਥਿਕ ਮੰਦਹਾਲੀ ਦੇ ਸ਼ਿਕਾਰ ਹੋਏ ਕਿਸਾਨ ਅਜੇ ਤੱਕ ਵੀ ਕਰਜਿਆਂ ਵਿੱਚ ਡੁੱਬੇ ਹੋਏ ਹਨ ਤੇ ਹੁਣ ਵੀ ਜੇ ਖੇਤਾਂ ਵਿੱਚ ਖੜੇ ਪਾਣੀ ਨੂੰ ਕੱਢਣ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਇੱਕ ਵਾਰ ਫਿਰ ਸਾਰੀ ਫਸਲ ਖਰਾਬ ਹੋ ਜਾਵੇਗੀ ਤੇ ਪਹਿਲਾਂ ਹੀ ਕਰਜੇ ਵਿੱਚ ਨੱਕੋ ਨੱਕ ਡੁੱਬ ਚੁੱਕੇ ਕਿਸਾਨਾਂ ਦੀ ਹੋਰ ਵੀ ਮੰਦੀ ਹਾਲਤ ਹੋ ਜਾਵੇਗੀ।
ਇਸ ਮੌਕੇ ਵਿਧਾਇਕਾ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਹ ਇਸ ਗੰਭੀਰ ਮਾਮਲੇ ਤੋਂ ਜਿਲ੍ਹੇ ਦੇ ਉ¤ਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਕੇ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ ਕਰਨਗੇ। ਇਸ ਮਸਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾੳੇਣ ਵਾਲੀ ਕਾਂਗਰਸ ਸਰਕਾਰ ਦਾ ਆਲਮ ਇਹ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਹਰਿਆਣਾ ਹੱਦ ਨਾਲ ਲੱਗਦੇ ਹਲਕਾ ਤਲਵੰਡੀ ਸਾਬੋ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਮੀਂਹ ਦੇ ਪਾਣੀ ਨਾਲ ਡੁੱਬਣ ਦੀ ਕਗਾਰ ਤੇ ਹੈ ਪ੍ਰੰਤੂ ਸਰਕਾਰ ਦੇ ਕਿਸੇ ਆਗੂ ਨੇ ਤਾਂ ਕੀ ਸਾਰ ਲੈਣੀ ਸੀ ਸਗੋਂ ਅੱਜ ਤੱਕ ਪ੍ਰਸ਼ਾਸਨ ਦਾ ਵੀ ਕੋਈ ਅਧਿਕਾਰੀ ਕਿਸਾਨਾਂ ਤੱਕ ਨਹੀ ਪੁੱਜਾ। ਉਨਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਕਿ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਉਕਤ ਸਮੁੱਚੇ ਰਕਬੇ ਦੀ ਗਿਰਦਾਵਰੀ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।
ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡਾਂ ਦਾ ਨਰਮਾ ਬਾਰਿਸ਼ ਦੇ ਪਾਣੀ ਵਿੱਚ ਡੁੱਬਣ ਦੀ ਕਗਾਰ ਤੇ



