ਫਰੀਦਕੋਟ, 2 ਸਤੰਬਰ (ਗੁਰਜੀਤ ਰੋਮਾਣਾ)- ਸ਼ਹਿਰੀਆਂ ਦੇ ਨਾਲ-ਨਾਲ ਦੁਰਾਡੇ ਪੇਂਡੂ ਖੇਤਰਾਂ ‘ਚ ਰਹਿ ਰਹੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬਧ ਹੈ। ਇਸੇ ਨੂੰ ਧਿਆਨ ‘ਚ ਰਖਦਿਆ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਦੀ ਯੋਗ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਮਧੂਮੀਤ ਕੌਰ ਵਲੋਂ ਅਜ ਜ਼ਿਲ੍ਹਾ ਫਰੀਦਕੋਟ ਅੰਦਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਚਲ ਰਹੇ ਸਬ ਹੈਲਥ ਸੈਂਟਰ ਪਿਪਲੀ ਅਤੇ ਅਰਾਈਆਂਵਾਲਾ ਕਲਾਂ ‘ਚ ਅਚਨਚੇਤ ਜਾਂਚ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਮਧੂਮੀਤ ਕੌਰ ਵਲੋਂ ਕੀਤੀ ਜਾਂਚ ਦੌਰਾਨ ਇਹ ਨੋਟਿਸ ਕੀਤਾ ਗਿਆ ਕਿ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾਂ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ। ਉਨ੍ਹਾਂ ਇਸ ਮੌਕੇ ਸਟਾਫ਼ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮੌਕੇ ਤੇ ਮੌਜੂਦ ਲੋਕਾਂ ਤੋਂ ਵੀ ਦਿਤੀਆ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਵੀ ਜਾਣਕਾਰੀ ਲਈ। ਇਸ ਤੋਂ ਇਲਾਵਾ ਪਿੰਡ ਪਖੀ ਕਲਾਂ ਅਤੇ ਅਰਾਈਆਂਵਾਲਾ ਵਿਖੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਅਤੇ ਘਟ ਗਿਣਤੀ ਵਰਗ ਭਲਾਈ ਵਿਭਾਗ ਵਲੋਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਦਿਤੀ ਜਾਂਦੀ ਵਿਤੀ ਸਹਾਇਤਾ ਦੀ ਵੀ ਜਾਂਚ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿਤੇ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਚਹਿਲ ਵਿਖੇ ਮਿਡ-ਡੇ ਮੀਲ ਸਕੀਮ ਅਧੀਨ ਸਕੂਲੀ ਬਚਿਆਂ ਨੂੰ ਦਿਤੇ ਜਾਣ ਵਾਲੇ ਖਾਣੇ ਦੀ ਗੁਣਵਤਾ ਵੀ ਜਾਂਚੀ ਅਤੇ ਦਿਤੇ ਜਾਣ ਵਾਲੇ ਖਾਣੇ ਦਾ ਮੀਨੂੰ ਵੀ ਵੇਖਿਆ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਪਰ ਫਿਰ ਵੀ ਮੌਕੇ ਤੇ ਹਾਜ਼ਰ ਅਧਿਆਪਕਾਂ ਤੇ ਮਿਡ ਡੇ ਮੀਲ ਬਣਾਉਣ ਵਾਲੀਆਂ ਕੁਕ ਬੀਬੀਆਂ ਨੂੰ ਆਦੇਸ਼ ਦਿਤੇ ਕਿ ਬਚਿਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਕੁਆਲਟੀ ‘ਚ ਕਿਸੇ ਤਰ੍ਹਾਂ ਦਾ ਵੀ ਸਮਝੋਤਾ ਨਾ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਮਧੂਮਤੀ ਕੌਰ ਨੇ ਦਸਿਆ ਕਿ ਭਵਿਖ ਵਿਚ ਵੀ ਜਿਲਾ ਫਰੀਦਕੋਟ ਅੰਦਰ ਚਲ ਰਹੇ ਵਖ ਵਖ ਵਿਕਾਸ ਕਾਰਜਾਂ/ਮਗਨਰੇਗਾ ਅਤੇ ਸਬੰਧਤ ਦਫਤਰਾਂ ਸਬੰਧੀ ਅਚਨਚੇਤ ਚੈਕਿੰਗ ਜਾਰੀ ਰਹੇਗੀ। ਚੈਕਿੰਗ ਦੌਰਾਨ ਸ੍ਰੀਮਤੀ ਹਰਜਿੰਦਰ ਕੌਰ ਏ.ਪੀ.ਓ ਤੇ ਹੋਰ ਹਾਜ਼ਰ ਸਨ।