ਮਾਫ਼ੀ ਅਸੀਂ ਨਹੀਂ, ਮਾਫ਼ੀ ਇਹ ਮੰਗਣ

ਪੰਜਾਬ ਅਤੇ ਹਰਿਆਣਾ ਵਿੱਚ ਪੂਰਾ ਤਣਾਉ ਭਰਿਆ ਮਾਹੌਲ ਸੀ। ਪਟਿਆਲਾ ਵਿਖੇ ਕਰਫਿਊ ਦਾ ਐਲਾਨ ਹੋ ਚੁੱਕਾ ਸੀ। ਹਾਲਾਂਕਿ ਸਭ ਕੁੱਝ ਸ਼ਾਂਤ ਸੀ ਪਰ ਜੀਰਕਪੁਰ, ਰਾਜਪੁਰਾ, ਪਟਿਆਲਾ, ਸੰਗਰੂਰ ਰਾਹੀਂ ਬਰਨਾਲਾ, ਬਠਿੰਡਾ ਅਤੇ ਮਾਨਸਾ ਆਦਿ ਜਾਣ ਵਾਲੇ ਡੇਰਾ ਪ੍ਰੇਮੀਆਂ ਨੂੰ ਰਸਤਾ ਦੇਣ ਲਈ ਕੀਤਾ ਸੀ ਅਤੇ ਕਿਸੇ ਮਾੜੀ ਘਟਨਾ ਨੂੰ ਨਾ ਵਾਪਰਨ ਦੇਣ ਲਈ ਇਹ ਜ਼ਰੂਰੀ ਸਮਝਿਆ ਗਿਆ ਸੀ। ਹਾਲਾਤ ਨੂੰ ਵੇਖਦੇ ਹੋਏ ਮੈਨੂੰ ਘਰ ਬੈਠਣਾ ਚਾਹੀਦਾ ਸੀ ਪਰ ਮੈਂ ਕਿਸੇ ਚੈਨਲ ’ਤੇ ਆਪਣੀ ਗੱਲ ਕਹਿਣ ਨੂੰ ਤਰਜੀਹ ਦਿੰਦੇ ਹੋਏ ਥੋੜ੍ਹਾ ਖਤਰਾ ਸਹੇੜਣ ਦੀ ਹਿੰਮਤ ਕੀਤੀ ਸੀ। ਉਂਝ ਵੀ ਪੱਤਰਕਾਰੀ ਵਿਚ ਅਜਿਹੇ ਖਤਰਿਆਂ ਨਾਲ ਦੋ ਚਾਰ ਹੱਥ ਹੋਣ ਦੀ ਆਦਤ ਪੈ ਜਾਂਦੀ ਹੈ। ਮੈਂ ਏਅਰਪੋਰਟ ਸੜਕ ਤੋਂ ਬਨੂੜ ਵਾਲੇ ਪਾਸੇ ਗੱਡੀ ਮੋੜ ਲਈ ਅਤੇ ਤੇਜੀ ਨਾਲ ਪਟਿਆਲੇ ਵਾਲ ਵੱਧ ਰਿਹਾ ਸੀ ਕਿ ਮੈਨੂੰ ਸੁੰਨ ਸਾਨ ਸੜਕ ’ਤੇ ਦੋ ਬੰਦੇ ਵਿਖਾਈ ਦਿੱਤੇ ਜੋ ਹੱਥ ਨਾਲ ਕਾਰ ਵਿੱਚ ਲਿਫਟ ਲਈ ਬੇਨਤੀ ਕਰ ਰਹੇ ਸਨ। ਸ਼ਾਇਦ ਉਹ ਸੜਕ ਕਿਨਾਰੇ ਹਰੀਹਰ ਟਾਇਲਾਂ ਵਾਲੇ ਸ਼ੋਅਰੂਮ ਵਿੱਚ ਬੈਠੇ ਸਨ ਅਤੇ ਕਾਰ ਆਉਂਦੀ ਵੇਖਕੇ ਸੜਕ ’ਤੇ ਆ ਗਏ ਸਨ।
ਮੈਨੂੰ ਲਗਾ ਕਿ ਉਹ ਸੱਚਮੁੱਚ ਮੁਸੀਬਤ ’ਚ ਸਨ। ਮੈਂ ਕਾਰ ਰੋਕ ਲਈ। ਉਹ ਇਕ ਮਰਦ ਸੀ ਅਤੇ ਨਾਲ ਇਕ ਔਰਤ ਸੀ ਸ਼ਾਇਦ ਉਸ ਦੀ ਪਤਨੀ ਸੀ।
‘‘ਸਰਦਾਰ ਸਾਹਿਬ, ਸਾਨੂੰ ਰਾਜਪੁਰੇ ਤੱਕ ਅਗਰ ਲਿਜਾ ਸਕੋ। ਧੰਨਵਾਦੀ ਹੋਵਾਂਗੇ’’ ਮਰਦ ਨੇ ਬੜੇ ਸਲੀਕੇ ਨਾਲ ਕਿਹਾ।
ਮੈਂ ਬੈਠਣ ਦਾ ਇਸ਼ਾਰਾ ਕੀਤਾ। ਆਦਮੀ ਮੇਰੇ ਨਾਲ ਸੀਟ ’ਤੇ ਬੈਠ ਗਿਆ ਅਤੇ ਔਰਤ ਪਿਛੇ ਬੈਠ ਗਈ। ‘‘ਮੈਂ ਤੁਹਾਨੂੰ ਜਾਣਦਾ ਹਾਂ’’ ਉਸ ਆਦਮੀ ਨੇ ਬੈਠਣ ਸਾਰ ਕਿਹਾ। ‘‘ਮੈਂ ਤੁਹਾਡੇ ਹਰ ਕਾਲਮ ਨੂੰ ਪੜ੍ਹਿਆ ਹੈ ਅਤੇ ਕਲ ਤੁਹਾਨੂੰ ਟੀਵੀ ’ਤੇ ਵੀ ਵੇਖਿਆ ਸੀ’’।
‘‘ਤੁਸੀਂ ਪੰਚਕੂਲੇ ਤੋਂ ਆ ਰਹੇ ਹੋ’’ ਮੈਂ ਪੁੱਛਿਆ। ‘‘ਜੀ, ਬੜੀ ਮੁਸ਼ਕਲ ਨਾਲ ਬੱਚਦੇ ਬਚਾਉਂਦੇ ਪਹੁੰਚੇ ਹਾਂ। ਇਸੇ ਤਰ੍ਹਾਂ ਪਹਿਲਾਂ ਇਕ ਭਲੇ ਇਨਸਾਨ ਨੇ ਇਥੇ ਤੱਕ ਛੱਡ ਦਿੱਤਾ। ਉਸ ਨੇ ਏਅਰਪੋਰਟ ਜਾਣਾ ਸੀ।’’ ਉਸ ਆਦਮੀ ਨੇ ਸਪੱਸ਼ਟ ਜਵਾਬ ਦਿੱਤਾ।
‘‘ਤੁਸੀਂ ਤਾਂ ਸਿਆਣੇ ਅਤੇ ਪੜ੍ਹੇ ਲਿਖੇ ਲਗਦੇ ਹੋ। ਤੁਸੀਂ ਕਿਵੇਂ ਪਹੁੰਚ ਗਏ ਉਥੇ।’’ ਮੈਂ ਉਤਸੁਕਤਾ ਨਾਲ ਪੁਛਿਆ।
‘‘ਅਸੀਂ ਡੇਰੇ ਕਿਵੇਂ ਪਹੁੰਚ ਗਏ ਜਾਂ ਫਿਰ ਅਸੀਂ ਪੰਚਕੂਲਾ ਕਿਵੇਂ ਪਹੁੰਚ ਗਏ। ਇਹ ਸਵਾਲਾਂ ਦਾ ਜਵਾਬਤੁਸੀਂ ਕੱਲ੍ਹ ਵਾਲੀ ਡਿਬੇਟ ’ਚ ਆਪ ਹੀ ਦੇ ਦਿੱਤੇ ਸਨ। ਸਰ, ਮੈਂ ਸਕੂਲ ਟੀਚਰ ਹਾਂ। ਸਾਹਿਤ ਪੜ੍ਹਨ ਦਾ ਵੀ ਮੈਨੂੰ ਸ਼ੌਂਕ ਹੈ। ਮੇਰੇ ਪਿੰਡ ’ਚ ਮੇਰੀ ਕੀ ਇ¤ਜ਼ਤ ਹੈ। ਮੇਰੇ ਪਿੱਠ ਪਿੱਛੇ ਮੈਨੂੰ ਅਤੇ ਮੇਰੀ ਜਾਤ ਵਾਲਿਆਂ ਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ। ਇਹ ਤੁਹਾਨੂੰ ਵੀ ਪਤੈ। ਅਸੀਂ ਵੀ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਪਰ ਅੱਜ ਦੇ ਮਹੰਤ ਸਾਨੂੰ ਕੀ ਸਮਝਦੇ ਹਨ। ਤੁਸੀਂ ਤਾਂ ਪੱਤਰਕਾਰੀ ਦੇ ਪ੍ਰੋਫੈਸਰ ਹੋ ਤੁਸੀਂ ਦਸੋ ਕਿ ਕੀ ਸਾਨੂੰ ਗੁਰੂ ਘਰਾਂ ਵਿੱਚ ਪੂਰਾ ਸਤਿਕਾਰ ਅਤੇ ਬਰਾਬਰੀ ਦਾ ਹੱਕ ਮਿਲਦੈ। ਮੈਂ ਪੁਛਦੈਂ ਇਹ ਕੌਣ ਨੇ ਜੋ ਗੁਰੂ ’ਤੇ ਕਬਜ਼ਾ ਕਰਕੇ ਬੈਠ ਗਏ। ਜੇ ਅਸੀਂ ਡੇਰਿਆਂ ਵੱਲ ਮੂੰਹ ਕੀਤੈ ਤਾਂ ਉਨ੍ਹਾਂ ਲੋਕਾਂ ਕਰਕੇ। ਸਾਡਾ ਕਸੂਰ ਨਹੀਂ ਕਸੂਰ ਇਨ੍ਹਾਂ ਦਾ। ਤੁਸੀਂ ਠੀਕ ਕਹਿ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਪ੍ਰਚਾਰਕ ਫੇਲ੍ਹ ਹੋਏ ਨੇ ਅਸੀਂ ਨੀ ਭੱਜੇ। ਇਨ੍ਹਾਂ ਨੇ ਸਾਨੂੰ ਭੱਜਾਇਆ।’’ ਉਸ ਆਦਮੀ ਨੇ ਦਿਲ ਖੋਲ੍ਹਕੇ ਭੜਾਸ ਕੱਢੀ।
‘‘ਚਲੋ, ਛੱਡੋ, ਹੁਣ ਦੱਸੋ ਕੀ ਹੋਵੇਗਾ, ਤੁਸੀਂ ਤਾਂ ਪ੍ਰੇਮੀਆਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਦੇ ਹੋ’’ ਮੈਂ ਪੁੱਛਿਆ।
‘‘ਜੀ, ਸੱਚ ਮੁੱਚ ਵੱਡੀ ਗਿਣਤੀ ਵਿੱਚ ਪ੍ਰੇਮੀ ਮਾਸੂਮ ਅਤੇ ਭੋਲੇ-ਭਾਲੇ ਨੇ। ਉਨ੍ਹਾਂ ਦੀ ਆਸਥਾ ਅਤੇ ਵਿਸ਼ਵਾਸ ਨੂੰ ਵੱਡੀ ਸੱਟ ਵੱਜੀ ਹੈ। ਅੰਦਰੋਂ ਉਹ ਟੁੱਟ ਚੁੱਕੇ ਨੇ। ਪਰ ਦੁੱਖ ਇਸ ਗੱਲ ਦਾ ਹੈ ਕਿ ਅਜੇ ਵੀ ਮੀਡੀਆ ’ਚ ਇਨ੍ਹਾਂ ਲੋਕਾਂ ਦੇ ਬਿਆਨ ਆ ਰਹੇ ਨੇ ਕਿ ਮਾਫੀ ਮੰਗ ਕੇ ਘਰ ਵਾਪਸੀ ਕਰ ਲੋ। ਅਸੀਂ ਕਿਸ ਤੋਂ ਮਾਫੀ ਮੰਗੀਏ। ਮਾਫੀ ਇਹ ਮੰਗਣ ਕਿ ਸਾਡੀ ਗਲਤੀ ਕਾਰਨ ਸਾਡੇ ਭਰਾ ਦੂਰ ਚਲੇ ਗਏ ਸਨ ਹੁਣ ਵਾਹਿਗੁਰੂ ਨੇ ਮੌਕਾ ਦਿੱਤਾ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ। ਉਨ੍ਹਾਂ ਦਾ ਮਾਨ ਸਤਿਕਾਰ ਕਾਇਮ ਰੱਖਿਆ ਜਾਵੇਗਾ।’’ ਉਸ ਨੇ ਖੁਲ੍ਹਕੇ ਆਪਣੇ ਮਨ ਦੀ ਗੱਲ ਆਖੀ।
ਰਾਜਪੁਰੇ ਉਨ੍ਹਾਂ ਨੂੰ ਉਤਾਰਨ ਸਮੇਂ ਮੈਂ ਸੋਚ ਰਿਹਾ ਸੀ ਕਿ ਅੱਜ ਇਹ ਪ੍ਰੇਮੀ ਜੋੜਾ ਦੋਹਰਾ ਮਾਨਸਿਕ ਸੰਤਾਪ ਭੋਗ ਰਿਹਾ ਹੈ। ਇਕ ਤਾਂ ਆਪਣੇ ਭਾਈਚਾਰੇ ਚੋਂ ਤ੍ਰਿਸਕਾਰੇ ਜਾਣ ਦੇ ਅਹਿਸਾਸ ਦਾ ਦੂਜਾ ਜਿੱਥੇ ਆਸਰਾ ਭਾਲਦਾ ਸੀ, ਉਥੋਂ ਵਿਸ਼ਵਾਸ ਦੇ ਟੁੱਟ ਜਾਣ ਦਾ। ਉਂਝ ਜੋ ਸਮਾਧਾਨ ਉਹ ਦੇ ਕੇ ਗਿਆ ਕੀ ਉਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਨਹੀਂ।

Send this to a friend