ਬਠਿੰਡਾ, 31 ਅਗਸਤ (ਇੰਦਰਜੀਤ ਨਥਾਣਾ)-ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਵਿਖੇ ਗੁਡਜ਼ ਐਂਡ ਸਰਵਿਸ ਟੈਕਸ ਬਾਰੇ ਜਾਣੂ ਕਰਵਾਉਣ ਲਈ ਇੱਕ ਸੈਮੀਨਾਰ ਆਯੋਜਿਤ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਚਾਰਟਰਡ ਅਕਾਉਟੈਂਟ ਅਮਿਤ ਬਾਂਸਲ ਅਤੇ ਚਾਰਟਰਡ ਅਕਾਉਟੈਂਟ ਮਿਸਟਰ ਰਿਸ਼ਬ ਸਾਬੂ ਨੇ ਸੰਬੋਧਨ ਕੀਤਾ । ਸਭ ਤੋਂ ਪਹਿਲਾਂ ਜੀ.ਐਸ.ਟੀ. ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਰਿਸ਼ਬ ਸਾਬੂ ਨੇ ਦੱਸਿਆ ਕਿ ਜੀ.ਐਸ.ਟੀ. ਲਾਗੂ ਹੋਣ ਨਾਲ ਦੂਹਰੇ ਟੈਕਸ ਘੱਟ ਹੋਣਗੇ ਅਤੇ ਇੰਟਰ ਸਟੇਟ ਕਾਰੋਬਾਰ ਸਸਤਾ ਹੋਵੇਗਾ ਕਿਉਂਕਿ ਦੇਸ਼ ਦੇ ਸਾਰੇ ਰਾਜਾਂ ਵਿੱਚ ਇਕਸਾਰ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦਾ ਟੈਕਸ ਪ੍ਰਣਾਲੀ ਵਿੱਚ ਸੁਧਾਰ ਕਰਨ ਦਾ ਇਹ ਅਹਿਮ ਉਪਰਾਲਾ ਹੈ। ਚਾਰਟਰਡ ਅਕਾਊਟੈਂਟ ਅਮਿਤ ਬਾਂਸਲ ਨੇ ‘ਪੀ.ਐਸ.ਪੀ.ਸੀ.ਐਲ. ’ਤੇ ਜੀ.ਐਸ.ਟੀ. ਦੇ ਪ੍ਰਭਾਵ’ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਹਨਾਂ ਨੇ ਦੱਸਿਆ ਕਿ ਜੀ.ਐਸ.ਟੀ. ਕਾਲਾ ਬਾਜ਼ਾਰੀ ਨੂੰ ਰੋਕਣ ਦਾ ਮਹੱਤਵਪੂਰਨ ਟੂਲ ਹੈ । ਜੀ.ਐਸ.ਟੀ ਤਹਿਤ ਵਿਕਰੀ ਅਤੇ ਖਰੀਦਦਾਰੀ ਦੇ ਵੇਰਵੇ ਸਰਕਾਰੀ ਰਿਕਾਰਡ ਵਿੱਚ ਜਮਾਂ ਕੀਤੇ ਜਾਣ ਤੋਂ ਬਾਦ ਭਾਰਤ ਵਿੱਚ ਵਪਾਰਕ ਢਾਚਾਂ ਵਧੇਰੇ ਅਨੁਸ਼ਾਸਤ ਹੋ ਜਾਵੇਗਾ। ਇਸ ਨਾਲ ਨਾ ਕੇਵਲ ਜੀ.ਡੀ.ਪੀ. ਵਧੇਗੀ ਸਗੋਂ ਰੁਜ਼ਗਾਰ ਦੇ ਨਵੇਂ ਸਰੋਤ ਪੈਦਾ ਹੋਣਗੇ। ਉਹਨਾਂ ਦੱਸਿਆ ਕਿ ਕਿ 160 ਤੋਂ ਵਧੇਰੇ ਦੇਸ਼ਾਂ ਵਿੱਚ ਜੀ.ਐਸ.ਟੀ ਪਹਿਲਾਂ ਹੀ ਲਾਗੂ ਕੀਤਾ ਗਿਆ ਹੈ। ਖਪਤਕਾਰਾਂ ਲਈ ਇਹ ਸਭ ਤੋਂ ਵੱਧ ਲਾਭਕਾਰੀ ਸਿੱਧ ਹੋਵੇਗਾ ਕਿਉਂਕਿ ਕੰਪਨੀਆਂ ਇਸ ਰਾਹੀਂ ਰਾਹਤ ਲਾਭ ਦੇਣਗੀਆਂ, ਪਰ ਅਮਲੀ ਰੂਪ ਵਿੱਚ ਕੀਮਤਾਂ ਘੱਟਣ ਲਈ ਕੁਝ ਮਹੀਨੇ ਲੱਗ ਸਕਦੇ ਹਨ। ਉਹਨਾਂ ਕਿਹਾ ਕਿ ਖਪਤਕਾਰਾਂ ਵਾਸਤੇ ਕਿਸੇ ਵੀ ਸਾਮਾਨ ਜਾਂ ਸੇਵਾਵਾਂ ਲਈ ਜੀ.ਐਸ.ਟੀ ਤਹਿਤ ਸਾਰੇ ਅਦ੍ਰਿਸ਼ ਟੈਕਸ ਹਟਾ ਦਿੱਤੇ ਗਏ ਹਨ।
ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਦੇ ਜਨਰਲ ਮੈਨੇਜਰ ਵੀ. ਕੇ. ਗਰਗ ਨੇ ਗੁਡਜ਼ ਐਂਡ ਸਰਵਿਸ ਟੈਕਸ (ਜੀ.ਐਸ.ਟੀ.) ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜੀ.ਐਸ.ਟੀ. ਲਾਗੂ ਕਰਨ ਤੋਂ ਬਾਅਦ ਵੱਖ-ਵੱਖ ਰਾਜਾਂ ਦੀ ਵਿੱਤੀ ਸਥਿਤੀ ਮਜ਼ਬੂਤ ਹੋਈ ਹੈ । ਇਸੇ ਲਈ ਜੀ.ਐਸ.ਟੀ. ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ।