June 23, 2026 5:42 pm

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਆਖਰੀ ਵਨ-ਡੇ ਅੱਜ ਬੰਗਲੁਰੂ ਵਿਖੇ

ਬੰਗਲੁਰੂ, 1 ਨਵੰਬਰ (ਪੀ. ਟੀ.)-ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੱਤ ਇਕ ਦਿਵਸੀ ਮੈਚਾਂ ਦੀ ਲੜੀ ਦਾ ਆਖਰੀ ਮੈਚ ਭਲਕੇ ਬੰਗਲੁਰੂ ਵਿਖੇ ਖੇਡਿਆ ਜਾਵੇਗਾ। 2-2 ਨਾਲ ਬਰਾਬਰ ਚੱਲ ਰਹੀਆਂ ਦੋਨੋਂ ਟੀਮਾਂ ਦੀਆਂ ਨਜ਼ਰਾਂ ਇਸ ਮੈਚ ਨੂੰ ਜਿੱਤ ਕੇ ਲੜੀ ‘ਤੇ ਕਬਜ਼ਾ ਕਰਨ ‘ਤੇ ਹੋਣਗੀਆਂ। ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 1:30 ਵਜੇ ਖੇਡਿਆ ਜਾਵੇਗਾ।
ਇਸ ਦੌਰਾਨ ਜੈਪੁਰ ਅਤੇ ਨਾਗਪੁਰ ਵਿਖੇ 350-350 ਤੋਂ ਜ਼ਿਆਦਾ ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਾਲੀ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ। ਇਨ੍ਹਾਂ ਇਤਿਹਾਸਕ ਜਿੱਤਾਂ ਲਈ ਜਿਥੇ ਟੀਮ ਇੰਡੀਆ ਦੇ ਕੇਵਲ ਤਿੰਨ ਬੱਲੇਬਾਜ਼ਾਂ ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਵਿਰਾਟ ਕੋਹਲੀ ਨੇ ਜਿਥੇ ਅਹਿਮ ਭੂਮਿਕਾ ਨਿਭਾਈ ਹੈ, ਉਥੇ ਸੁਰੇਸ਼ ਰੈਨਾ, ਰਵਿੰਦਰ ਜਡੇਜਾ ਤੇ  ਯੁਵਰਾਜ ਸਿੰਘ ਦਾ ਖਰਾਬ ਪ੍ਰਦਰਸ਼ਨ ਟੀਮ ਇੰਡੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦੋਂ ਕਿ ਕਮਜ਼ੋਰ ਗੇਂਦਬਾਜ਼ੀ ਵੀ ਟੀਮ ਇੰਡੀਆ ਲਈ ਸਿਰਦਰਦੀ ਸਾਬਿਤ ਹੋਇਆ ਹੈ। ਪਿਛਲੇ ਮੈਚ ਵਿਚ ਜਿਥੇ ਤਰ੍ਹਾਂ ਕੰਗਾਰੂ ਬੱਲੇਬਾਜ਼ਾਂ ਨੇ ਟੀਮ ਇੰਡੀਆ ਲਈ ਮੁਸੀਬਤਾਂ ਪੈਦਾ ਕੀਤੀਆਂ, ਉਸ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜ਼ਾਂ ਅੱਗੇ ਵੱਡੀ ਚੁਣੌਤੀ ਹੋਵੇਗੀ। ਦੂਸਰੇ ਪਾਸੇ ਆਸਟ੍ਰੇਲੀਆਈ ਟੀਮ ਦੇ ਕਪਤਾਨ ਜਾਰਜ ਬੈਲੀ ਅਤੇ ਸ਼ੇਨ ਵਾਟਸਨ ਲਈ ਇਹ ਦੌਰਾ ਕਾਫੀ ਯਾਦਗਾਰ ਰਿਹਾ ਹੈ। ਜਾਰਜ ਬੈਲੀ ਨੇ ਜਿਥੇ ਕਈ ਕਪਤਾਨੀ ਪਾਰੀਆਂ ਖੇਡੀਆਂ, ਉਥੇ ਸ਼ੇਨ ਵਾਟਸਨ ਨੇ ਨਾ ਕੇਵਲ ਬੱਲੇਬਾਜ਼ੀ, ਬਲਕਿ ਗੇਂਦਬਾਜ਼ੀ ਵਿਚ ਵੀ ਜੌਹਰ ਦਿਖਾਏ। ਇਸ ਦੌਰਾਨ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਜਾਨਸਨ ਏਸੇਜ਼ ਸੀਰੀਜ਼ ਦੀਆਂ ਤਿਆਰੀਆਂ ਲਈ ਵਾਪਸ ਆਪਣੇ ਦੇਸ਼ ਪਰਤ ਗਏ ਹਨ ਅਤੇ ਉਹ ਆਖਰੀ ਵਨਡੇ ਵਿਚ ਹਿੱਸਾ ਨਹੀਂ ਲੈਣਗੇ। ਦੋ ਮੈਚ ਬਾਰਿਸ਼ ਦੀ ਭੇਂਟ ਚੜ੍ਹਣ ਤੋਂ ਬਾਅਦ ਸੱਤ ਮੈਚਾਂ ਦੀ ਇਹ ਲੜੀ ਪੰਜ ਮੈਚਾਂ ਤੱਕ ਹੀ ਸੀਮਤ ਰਹਿ ਗਈ। ਆਸਟ੍ਰੇਲੀਆ ਨੇ ਜਿਥੇ ਪੁਣੇ ਅਤੇ ਮੋਹਾਲੀ ਵਨਡੇ ਵਿਚ ਜਿੱਤ ਹਾਸਲ ਕੀਤੀ, ਉਥੇ ਟੀਮ ਇੰਡੀਆ ਨੇ ਜੈਪੁਰ ਅਤੇ ਨਾਗਪੁਰ ਵਿਖੇ ਇਤਿਹਾਸਕ ਜਿੱਤਾਂ ਦਰਜ ਕਰਕੇ ਦੁਨੀਆ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਹੁਣ ਦੇਖਣਾ ਇਹ ਹੈ ਕਿ ਕਿਹੜੀ ਟੀਮ ਇਸ ਖ਼ਿਤਾਬ ਨੂੰ ਆਪਣੇ ਨਾਮ ਕਰੇਗੀ।

Send this to a friend