June 23, 2026 4:34 pm

ਸ਼ੇਰ-ਏ-ਪੰਜਾਬ ਦੇ ਢਾਹੇ ਗਏ ਜਨਮ ਸਥਾਨ ‘ਤੇ ਭੂ-ਮਾਫੀਆ ਦਾ ਕਬਜ਼ਾ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨੀ ਭੂ-ਮਾਫ਼ੀਆ ਦੁਆਰਾ ਗੁੱਜ਼ਰਾਂਵਾਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਨੂੰ ਗਿਰਾਏ ਜਾਣ ਦੇ ਦੋ ਵਰ੍ਹੇ ਬੀਤ ਜਾਣ ਦੇ ਬਾਅਦ ਵੀ ਢਾਹੇ ਗਏ ਹਿੱਸੇ ਦੀ ਨਵ-ਉਸਾਰੀ ਨਹੀਂ ਕਰਵਾਈ ਗਈ ਹੈ, ਜਿਸ ਸੰਬੰਧੀ ਭਾਰਤ ਸਰਕਾਰ ਤੇ ਐੱਸ. ਜੀ. ਪੀ. ਸੀ. ਨੂੰ ਪਾਕਿਸਤਾਨ ਨਾਲ ਜਲਦੀ ਠੋਸ ਗੱਲਬਾਤ ਕਰਨੀ ਚਾਹੀਦੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 2 ਨਵੰਬਰ ਨੂੰ ਮਨਾਏ ਜਾ ਰਹੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਉਨ੍ਹਾਂ ਦੇ ਜਨਮ ਸਥਾਨ ਦੀ ਮੌਜੂਦਾ ਹਾਲਤ ਸੰਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਮਹਾਰਾਜੇ ਦਾ ਜਨਮ ਸਥਾਨ ਉਪਰੋਕਤ ਹਵੇਲੀ ਭਾਰਤ ਤੋਂ ਗਏ ਸ਼ਰਨਾਰਥੀ ਪਰਿਵਾਰਾਂ ਨੂੰ ਰਿਹਾਇਸ਼ ਲਈ ਮਿਲ ਗਈ। ਬਾਅਦ ਵਿੱਚ ਉਨ੍ਹਾਂ ਤੋਂ ਇਹ ਹਵੇਲੀ ਖਾਲੀ ਕਰਵਾ ਕੇ ਇਸ ਵਿੱਚ ਪੁਲਿਸ ਥਾਣਾ ਕਾਇਮ ਕੀਤਾ ਗਿਆ ਅਤੇ ਸੰਨ 2006 ਵਿਚ ਆਰਕੋਲਾਜੀ ਵਿਭਾਗ ਪਾਕਿਸਤਾਨ ਨੇ ਥਾਣਾ ਹਟਵਾ ਕੇ ਹਵੇਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।  ਸ੍ਰੀ ਕੋਛੜ ਨੇ ਦੱਸਿਆ ਕਿ 10 ਜਨਵਰੀ 2012 ਨੂੰ ਪਾਕਿਸਤਾਨੀ ਭੂ-ਮਾਫ਼ੀਆ ਨੇ ਪਲਾਜ਼ਾ ਬਣਾਉਣ ਹਿਤ ਉਪਰੋਕਤ ਵਿਰਾਸਤੀ ਹਵੇਲੀ ਨੂੰ ਗਿਰਾਏ ਜਾਣ ਦੀ ਕਾਰਵਾਈ ਆਰੰਭੀ ਸੀ। ਸਮਾਂ ਰਹਿੰਦਿਆਂ ਭਾਰਤੀ ਮੀਡੀਆ ਦੇ ਸਹਿਯੋਗ ਨਾਲ ਉਨ੍ਹਾਂ ਨੇ ਇਹ ਮਾਮਲਾ ਪਾਕਿਸਤਾਨ ਸਰਕਾਰ ਸਾਹਮਣੇ ਲਿਆ ਕੇ ਹਵੇਲੀ ਦਾ ਵੱਡਾ ਹਿੱਸਾ ਤਾਂ ਢਾਹੇ ਜਾਣ ਤੋਂ ਬੱਚਾ ਲਿਆ, ਪਰ ਭੂ-ਮਾਫ਼ੀਆ ਦੀ ਇਸ ਕਾਰਵਾਈ ਦੇ ਚਲਦਿਆਂ ਹਵੇਲੀ ਦਾ ਅਗਲਾ ਸਾਰਾ ਹਿੱਸਾ ਜ਼ਮੀਨਦੋਜ਼ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਇੱਕ ਮਹੀਨੇ ਬਾਅਦ ਪਾਕਿਸਤਾਨ ਦੇ ਮਹਿਕਮਾ ਔਕਾਫ਼ ਬੋਰਡ ਦੇ ਸੀਨੀਅਰ ਮੈਂਬਰ ਐਡਵੋਕੇਟ ਸ਼ੈਖ਼ ਅਜ਼ਹਰ ਅਹਸਾਨ ਨੇ ਇਹ ਸਵਿਕਾਰਦਿਆਂ ਕਿ ਵਾਕਿਅ ਹੀ ਭੂ-ਮਾਫ਼ੀਆ ਦੁਆਰਾ ਹਵੇਲੀ ‘ਤੇ ਕਬਜ਼ੇ ਦੇ ਇਰਾਦੇ ਨਾਲ ਹਵੇਲੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਇਹ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਪਾਕਿਸਤਾਨ ਸਰਕਾਰ ਦੁਆਰਾ ਹਵੇਲੀ ਦਾ ਨਵ-ਨਿਰਮਾਣ ਕਰਵਾਇਆ ਜਾਵੇਗਾ। ਜਦੋਂਕਿ ਦੋ ਵਰ੍ਹੇ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਮੁਰਮੰਤ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਹੈ। ਸ੍ਰੀ ਕੋਛੜ ਦੇ ਅਨੁਸਾਰ ਗੁੱਜ਼ਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਮੌਜੂਦ ਉਪਰੋਕਤ ਹਵੇਲੀ ਦੀ ਉਪਰਲੀ ਮੰਜ਼ਿਲ ਦੇ ਇੱਕ ਕਮਰੇ ਦੇ ਬਾਹਰ ਲੱਗੀ ਪੱਥਰ ਦੀ ਸਿਲ੍ਹ ‘ਤੇ ਅੰਗਰੇਜ਼ੀ ਤੇ ਉਰਦੂ ਵਿੱਚ ‘ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780’ ਉਕਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਲ੍ਹ ਸੰਨ 1891 ‘ਚ ਗੁੱਜ਼ਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਜੇ ਉਬਸਟਨ ਨੇ ਗੁੱਜ਼ਰਾਂਵਾਲਾ ਦੇ ਨਾਮੀ ਸਰਦਾਰਾਂ ਦੀ ਨਿਸ਼ਾਨਦੇਹੀ ‘ਤੇ ਉਪਰੋਕਤ ਹਵੇਲੀ ਦੇ ਉਸ ਕਮਰੇ ਦੇ ਬਾਹਰ ਲਗਵਾਈ ਸੀ ਜਿਥੇ ਮਹਾਰਾਜੇ ਦਾ ਜਨਮ ਹੋਇਆ ਦੱਸਿਆ ਗਿਆ ਸੀ। ਸ੍ਰੀ ਕੋਛੜ ਨੇ ਦੱਸਿਆ ਕਿ ਮੌਜੂਦਾ ਸਮੇਂ ਹਵੇਲੀ ਦਾ ਅਗਲਾ ਸਾਰਾ ਹਿੱਸਾ ਜ਼ਮੀਨਦੋਜ਼ ਹੋ ਚੁਕਿਆ ਹੈ ਅਤੇ ਪਿਛਲੇ ਹਿੱਸੇ ਵਿੱਚ ਨਜ਼ਾਇਜ਼ ਢੰਗ ਨਾਲ ਪਾਰਕਿੰਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਉਪਰੋਕਤ ਜਨਮ ਸਥਾਨ ਮੌਜੂਦਾ ਸਮੇਂ ਨਸ਼ੇੜੀਆਂ ਅਤੇ ਜੁਆਰੀਆਂ ਦਾ ਅੱਡਾ ਬਣ ਚੁਕਿਆ ਹੈ ਅਤੇ ਭੂ-ਮਾਫ਼ੀਆ ਵੱਲੋਂ ਹਵੇਲੀ ਦੇ ਬਚੇ ਹਿੱਸੇ ‘ਤੇ ਮੁੜ ਤੋਂ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Send this to a friend