ਰਾਮਪੁਰਾ ਫੂਲ, 2 ਸਤੰਬਰ (ਅਮਜ਼ਦ ਖ਼ਾਨ, ਮਨਦੀਪ ਸਿੰਘ)- ¦ਘੀ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਬੰਬ ਕਾਂਡ ਦੀਆਂ ਤਾਰਾਂ ਜਿੱਥੇ ਪਹਿਲਾਂ ਹੀ ਸਰਸੇ ਵਾਲੇ ਸਾਧ ਦੇ ਨਾਲ ਜੁੜਦੀਆਂ ਨਜਰ ਆ ਰਹੀਆਂ ਸਨ ਉਥੇ ਹੀ ਪਿਛਲੇ ਦਿਨੀਂ ਹੋਏ ਪੰਚਕੂਲਾ ਵਿਖੇ ਸਾਧ ਦੇ ਚੇਲਿਆਂ ਵਲੋਂ ਕੀਤੀਆਂ ਹਿੰਸਕ ਘਟਨਾਵਾਂ ਦੌਰਾਨ ਵਰਤਿਆ ਗਿਆ ਕੈਮੀਕਲ ਨਾਲ ਮਿਲਦਾ ਹੋਣ ਦੇ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਹਨ ਜਿਸ ਕਾਰਨ ਮੌੜ ਮੰਡੀ ਬੰਬ ਕਾਂਡ ਹੁਣ ਸਰਸੇ ਵਾਲੇ ਸਾਧ ਦੇ ਹੱਥ ਹੋਣ ਦੇ ਆਸਾਰ ਵੱਧਦੇ ਨਜਰ ਆ ਰਹੇ ਹਨ। ਮੌੜ ਮੰਡੀ ਬੰਬ ਕਾਂਡ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿਚ ਜਖਮੀ ਹੋਏ ਸਨ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੰਚਕੂਲਾ ਵਿਖੇ ਹੋਈਆਂ ਹਿੰਸਕ ਘਟਨਾਵਾਂ ਵਿਚ ਪੁਲਿਸ ਨੂੰ ਜੋ ਵਿਸਫੋਟਕ ਬਰਾਮਦ ਹੋਇਆ ਹੈ ਸ਼ੰਕਾ ਜਿਤਾਇਆ ਜਾ ਰਿਹਾ ਹੈ ਕਿ ਉਸੇ ਤਰ੍ਹਾਂ ਦਾ ਵਿਸਫੋਟਕ ਹੀ ਮੌਡ ਮੰਡੀ ਬੰਬ ਕਾਂਡ ਵਿਚੋਂ ਮਿਲਿਆ ਸੀ। ਦੱਸਣਯੋਗ ਹੈ ਕਿ ਮੌੜ ਮੰਡੀ ਤੋਂ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵਲੋਂ ਟਿਕਟ ਦਿੱਤੀ ਗਈ ਸੀ ਅਤੇ ਹਰਮਿੰਦਰ ਜੱਸੀ ਜੋ ਕਿ ਸੌਦਾ ਸਾਧ ਦੇ ਨਜਦੀਕੀ ਰਿਸਤੇਦਾਰਾਂ ਵਜੋਂ ਜਾਣੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਜਾਂਚ ਦੌਰਾਨ ਮੌੜ ਮੰਡੀ ਬੰਬ ਕਾਂਡ ਧਮਾਕੇ ਦੌਰਾਨ ਅਮੋਨੀਅਮ ਨਾਈਟਰੇਟ ਦੀ ਵਰਤੋਂ ਹੋਣ ਦਾ ਖਦਸਾ ਪ੍ਰਗਟਾਇਆ ਗਿਆ ਸੀ ਅਤੇ ਪੰਚਕੁਲਾ ਵਿਖੇ ਵੀ ਹੋਈ ਘਟਨਾ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵਿਚੋਂ ਪੈਟਰੋਲ ਅਤੇ ਕੁਝ ਅਣਜਾਣ ਰਸਾਇਣਾਂ ਦੀ ਰਿਕਵਰੀ ਨੇ ਇਸ ਜਾਂਚ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ? ਇਸ ਸਬੰਧੀ ਜਦੋਂ ਐਸ.ਐਸ.ਪੀ ਬਠਿੰਡਾ ਨਵੀਨ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਦੋਨੋਂ ਮਾਮਲਿਆਂ ਵਿਚ ਵਰਤੇ ਗਏ ਕੈਮੀਕਲਾਂ ਦਾ ਮੇਲ ਹੋ ਜਾਂਦਾ ਹੈ ਤਾਂ ਹੀ ਕੁੱਝ ਕਿਹਾ ਜਾ ਸਕਦਾ ਹੈ ਅਤੇ ਪੰਚਕੁਲਾ ਵਾਲੇ ਕੈਮੀਕਲ ਦੀ ਰਿਪੋਰਟ ਆਉਣ ’ਤੇ ਹੀ ਸਾਰੀ ਸਥਿਤੀ ਸਾਫ ਹੋਵੇਗੀ।