ਪੰਜਾਬ ਸਰਕਾਰ ਸੂਬੇ ਨੂੰ ਭ੍ਰਿਸ਼ਟਾਚਾਰ ਤੇ ਨਸ਼ਾ ਮੁਕਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ : ਧਰਮਸੋਤ

ਫ਼ਤਹਿਗੜ੍ਹ ਸਾਹਿਬ, 31 ਅਗਸਤ (ਮਨੋਜ ਭੱਲਾ)- ਸਮੂਹ ਅਧਿਕਾਰੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਪਹੁੰਚਾਣ ਲਈ ਐਮ.ਐਲ.ਏਜ਼ ਨਾਲ ਤਾਲਮੇਲ ਰੱਖਣ ਨੂੰ ਯਕੀਨੀ ਬਣਾਉਣ, ਕਿਉਂਕਿ ਪਿੰਡਾਂ ਵਿੱਚ ਐਮ.ਐਲ.ਏਜ਼ ਦਾ ਆਮ ਲੋਕਾਂ ਨਾਲ ਵਧੇਰੇ ਤਾਲਮੇਲ ਹੁੰਦਾ ਹੈ। ਇਹ ਆਦੇਸ਼ ਪੰਜਾਬ ਦੇ ਜੰਗਲਾਤ, ਐਸ.ਸੀ. ਤੇ ਬੀ.ਸੀ. ਭਲਾਈ ਤੇ ਪ੍ਰਿਟਿੰਗ ਅਤੇ ਸਟੇਸ਼ਨਰੀ ਮੰਤਰੀ ਸ. ਸਾਧੂ ਸਿੰਘ ਧਰਮਸੋਤ, ਜੋ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਦੇਖ-ਰੇਖ ਕਰਨ ਲਈ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਇੰਚਾਰਜ ਵੀ ਹਨ, ਨੇ ਬੱਚਤ ਭਵਨ ਵਿਖੇ ਭਲਾਈ ਅਤੇ ਵਿਕਾਸ ਸਕੀਮਾਂ ਦਾ ਜਾਇਜਾ ਲੈਣ ਲਈ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਗਰੀਬ ਤੇ ਬੇਘਰੇ ਲੋਕਾਂ ਨੂੰ ਮਕਾਨ ਬਣਾਉਣ ਲਈ 5-5 ਮਰਲੇ ਦੇ ਪਲਾਂਟ ਦੇਣ ਲਈ ਵਚਨਬੱਧ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੂੰ ਕਿਹਾ ਕਿ ਪਲਾਟ ਦੇਣ ਵਾਸਤੇ ਪਿੰਡਾਂ ਵਿੱਚ ਲੋੜੀਂਦੀ ਜਗ੍ਹਾਂ ਦੀ ਸ਼ਨਾਖਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਰਾਜ ਵਿੱਚੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖਾਤਮੇ ਲਈ ਜੋ ਵਾਅਦਾ ਕੀਤਾ ਸੀ ਉਸ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਰਾਜ ਅੰਦਰੋ ਨਸ਼ਿਆਂ ਦਾ ਕਾਫੀ ਹੱਦ ਤੱਕ ਖਾਤਮਾ ਹੋ ਚੁੱਕਾ ਹੈ ਤੇ ਕਈ ਵੱਡੇ ਤਸਕਰ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ। ਉਨ੍ਹਾਂ ਸਵੱਛਤਾ ਅਭਿਆਨ ਵਿੱਚ ਭਾਰਤ ਭਰ ਵਿੱਚੋਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪਹਿਲੇ ਸਥਾਨ ’ਤੇ ਆਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਸ਼ੇਸ ਤੌਰ ’ਤੇ ਵਧਾਈ ਦਿੱਤੀ। ਸ. ਧਰਮਸੋਤ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਪੈਨਸ਼ਨ ਸਕੀਮ ਅਧੀਨ ਗਲਤ ਪੈਨਸ਼ਨਾਂ ਲਗਾਉਣ ਅਤੇ ਸਸਤਾ ਰਾਸ਼ਨ ਦੇਣ ਲਈ ਬਣਾਏ ਰਾਸ਼ਨ ਕਾਰਡ ਸਕੀਮ ਅਧੀਨ ਗਲਤ ਢੰਗ ਨਾਲ ਕਾਰਡ ਬਣਵਾਉਣ ਵਾਲੇ ਵਿਅਕਤੀਆਂ ਤੇ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਮਗਨਰੇਗਾ ਸਕੀਮ ਅਧੀਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਹੋ ਸਕੇ। ਇਸ ਮੌਕੇ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ, ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਤੇ ਬਸੀ ਪਠਾਣਾ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਮੰਤਰੀ ਦੇ ਧਿਆਨ ਵਿੱਚ ਆਪਣੇ ਹਲਕਿਆਂ ਦੇ ਮਸਲੇ ਧਿਆਨ ਵਿੱਚ ਲਿਆਂਦੇ ਜਿਸ ’ਤੇ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਮਸਲਿਆਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਐਸ.ਸੀ. ਵਿਦਿਆਰਥੀਆਂ ਦੇ ਵਜੀਫਿਆਂ ਵਿੱਚ ਹੋਏ ਲਗਭਗ 700 ਕਰੋੜ ਰੁਪਏ ਦੇ ਘਪਲੇ ਦੀ ਉਚ ਪੱਧਰੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸਿਆ ਨਹੀਂ ਜਾਵੇਗੀ। ਪੱਤਰਕਾਰਾਂ ਵੱਲੋਂ 25 ਅਗਸਤ ਨੂੰ ਡੇਰਾ ਸਰਸਾ ਮੁਖੀ ਵਿਰੁੱਧ ਆਏ ਸੀ.ਬੀ.ਆਈ. ਕੋਰਟ ਦੇ ਫੈਸਲੇ ਉਪਰੰਤ ਪੰਚਕੁਲਾ ਵਿੱਚ ਹੋਈ ਹਿੰਸਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਲਏ ਗਏ ਸਖਤ ਫੈਸਲਿਆਂ ਅਤੇ ਫੌਰੀ ਕਾਰਵਾਈ ਦੀ ਖੁਦ ਨਿਗਰਾਨੀ ਕਰਨ ਕਰਕੇ ਪੰਜਾਬ ਵਿੱਚ ਪੂਰੀ ਤਰ੍ਹਾਂ ਅਮਨ ਤੇ ਸ਼ਾਂਤੀ ਬਣੀ ਰਹੀ। ਇਸ ਮੌਕੇ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਕੈਬਨਿਟ ਮੰਤਰੀ ਨੂੰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲਾਭਪਾਤਰਾਂ ਨੂੰ ਪਹੁੰਚਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੀਟਿੰਗ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ, ਐਸ.ਪੀ. (ਐਚ) ਸ: ਸ਼ਰਨਜੀਤ ਸਿੰਘ, ਕਾਂਗਰਸ ਦੇ ਮੰਡੀ ਗੋਬਿੰਦਗੜ੍ਹ ਦੇ ਬਲਾਕ ਪ੍ਰਧਾਨ ਸ੍ਰੀ ਰਜਿੰਦਰ ਸਿੰਘ ਬਿੱਟੂ, ਅਮਲੋਹ ਬਲਾਕ ਦੇ ਪ੍ਰਧਾਨ ਸ. ਸ਼ਿੰਗਾਰਾ ਸਿੰਘ ਸਲਾਣਾ ਤੋਂ ਇਲਾਵਾ ਸਮੂਹ ਐਸ.ਡੀ.ਐਮਜ਼ ਤੇ ਸਮੂਹ ਵਿਭਾਗਾਂ ਦੇ ਮੁਖੀ ਸ਼ਾਮਲ ਹੋਏ।

Send this to a friend