ਭੀਖੀ, 29 ਅਗਸਤ (ਮਨਦੀਪ ਸਿੰਗਲਾ)-ਡੇਰਾ ਸੱਚਾ ਸੌਦਾ ਮੁਖੀ ਤੇ ਸਾਧਵੀ ਸਰੀਰਿਕ ਸ਼ੋਸਣ ਮਾਮਲੇ ਨੂੰ ਲੈ ਕੇ ਪਿਛਲੇ ਇੱਕ ਹਫਤੇ ਤੋਂ ਪੈਦਾ ਹੋਏ ਤਨਾਅਪੂਰਨ ਮਾਹੋਲ ਤੋਂ ਅੱਜ ਸ਼ਹਿਰ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ।ਦੁਕਾਨਦਾਰਾਂ ਨੇ ਰੋਜਾਨਾ ਦੀ ਤਰਾਂ ਆਪਣੀਆਂ ਦੁਕਾਨਾਂ ਖੋਲੀਆਂ ਅਤੇ ਕਾਰੋਬਾਰ ਮੁੜ ਲੀਹ ਤੇ ਲਿਆਉਣ ਦੇ ਯਤਨ ਕੀਤੇ।ਬਾਦ ਦੁਪਿਹਰ ਤੱਕ ਆਮ ਗ੍ਰਾਹਕ ਵੀ ਦੁਕਾਨਾਂ ਤੇ ਗ੍ਰਾਹਕੀ ਕਰਦੇ ਦੇਖੇ ਗਏ।ਸਰਕਾਰੀ ਅਤੇ ਨਿੱਜੀ ਬੱਸ ਸੇਵਾ ਬਹਾਲ ਹੋਣ ਨਾਲ ਜਨਤਕ ਥਾਵਾਂ ਤੇ ਚਹਿਲ ਪਹਿਲ ਨਜਰ ਆਈ।ਅੱਜ ਨਿੱਜੀ ਸਕੂਲਾਂ ਦੀ ਪੜਾਈ ਆਮ ਦਿਨਾਂ ਦੀ ਤਰਾਂ ਚਾਲੂ ਹੋ ਗਈ।ਬੀਤੇ ਹਫਤੇ ਦੌਰਾਨ ਮਾਹੌਲ ਭਾਵੇਂ ਸਹਿਮ ਵਾਲਾ ਸੀ ਪ੍ਰੰਤੂ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਹਾਲਾਤ ਸਾਂਤੀਪੂਰਨ ਰਹੇ।ਇੰਟਰਨੈਟ ਸੇਵਾਵਾਂ ਚਾਲੂ ਹੋਣ ਨਾਲ ਨੌਜਵਾਨ ਵਰਗ ਵਿੱਚ ਖੁਸ਼ੀ ਦਾ ਮਾਹੌਲ ਸੀ।ਨੌਜਵਾਨ ਤਬਕੇ ਨੇ ਸ਼ੋਸਲ ਮੀਡੀਆ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਅਤੇ ਟਵਿੱਟਰ ਤੇ ਸੂਚਨਾਵਾਂ ਦਾ ਜੰਮਕੇ ਆਦਾਨ-ਪ੍ਰਦਾਨ ਕੀਤਾ।ਨੌਜਵਾਨਾਂ ਵੱਲੋਂ ਅਪਲੋਡ ਵੱਖ ਵੱਖ ਤਰਾਂ ਦੀਆਂ ਫੋਟੋਆਂ, ਵੀਡੀਓ ਅਤੇ ਲਿਖਤਾਂ ਜਿੱਥੇ ਹਸਾਉਣ ਵਾਲੀਆਂ ਸਨ ਉਥੇ ਕਈ ਵਿਅੰਗਮਈ ਟਿੱਪਣੀਆਂ ਵੀ ਦਿਲ ਨੂੰ ਛੂਹ ਰਹੀਆਂ ਸਨ।ਸੀਬੀਆਈ ਕੋਰਟ ਦੇ ਜੱਜ ਜਗਦੀਪ ਸਿੰਘ ਦੀ ਵਡਿਆਈ ਦੀਆਂ ਅਨੇਕਾਂ ਪੋਸਟਾਂ ਵੀ ਸੋਸ਼ਲ ਮੀਡੀਆਂ ਤੇ ਪ੍ਰਮੁੱਖਤਾ ਨਾਲ ਛਾਈਆਂ ਹੋਈਆਂ ਸਨ।ਉਧਰ ਸਥਾਨਕ ਪੁਲਿਸ ਵੱਲੋਂ ਲਾਗਲੇ ਪਿੰਡਾਂ ਵਿੱਚ ਹੋਈ ਭੰਨਤੋੜ ਦੇ ਸਬੰਧ ਵਿੱਚ 2 ਹੋਰ ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਥਾਣਾ ਮੁਖੀ ਪ੍ਰਮਜੀਤ ਸਿੰਘ ਸੰਧੂ ਅਨੁਸਾਰ ਮੁਕੱਦਮਾ ਨੰਬਰ 95 ਵਿੱਚ ਲੱਖਾ ਸਿਘ ਪੁੱਤਰ ਨਿਰਮਲ ਸਿੰਘ ਅਤੇ ਮੁਕੱਦਮਾ ਨੰਬਰ 96 ਵਿੱਚ ਅਜੈਬ ਸਿੰਘ ਪੁੱਤਰ ਗੁਰਜੰਟ ਸਿਘ ਦੋਵੇਂ ਵਾਸੀ ਅਤਲਾ ਕਲਾਂ ਨੂੰ ਗ੍ਰਿਫਤਾਰ ਕੀਤਾ ਹੈ।ਦੂਸਰੇ ਪਾਸੇ ਕੁੱਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਡੇਰੇ ਪੈਰੋਕਾਰਾਂ ਦਾ ਪੁਲਿਸ ਰਿਮਾਂਡ ਸਮਾਪਤ ਹੋਣ ਤੋਂ ਬਾਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।