ਸ਼ਾਹਕੋਟ, 29 ਅਗਸਤ (ਸੁਰਿੰਦਰ ਸਿੰਘ ਖਾਲਸਾ)- ਇਲਾਕੇ ਅੰਦਰ ਅੱਜ ਸਵੇਰ ਤੋਂ ਹੀ ਪੈ ਰਹੀ ਬਾਰਿਸ਼ ਨੇ ਸ਼ਹਿਰ ਸ਼ਾਹਕੋਟ ਨੂੰ ਜਲ-ਥਲ ਕਰ ਦਿੱਤਾ ਹੈ ਜਿਸ ਨਾਲ ਜਿੱਥੇ ਸ਼ਹਿਰ ਦੀਆਂ ਅਨੇਕਾਂ ਗਲੀਆਂ ਅੰਦਰ ਚਿੱਕੜ ਫੈਲ ਗਿਆ ਉੱਥੇ ਮੋਗਾ ਰੋਡ ‘ਤੇ ਬਣੇ ਵੱਡੇ ਟੋਏ ਪਾਣੀ ਨਾਲ ਭਰ ਜਾਣ ਕਰਕੇ ਇੱਥੋ ਲੰਘਣ ਵਾਲਿਆ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਏ ਹਨ। ਮਲਸੀਆਂ ਰੋਡ ‘ਤੇ ਸੜਕ ਧੱਸਣ ਕਰਕੇ ਪਏ ਵੱਡੇ ਟੋਏ ਹਾਦਸਿਆ ਨੂੰ ਸੱਦਾ ਦੇ ਰਹੇ ਹਨ। ਮੀਂਹ ਪੈਣ ਤੋਂ ਬਾਅਦ ਸ਼ਾਹਕੋਟ ਤੋਂ ਬਾਹਰ ਜਾਂਦੇ ਕਰੀਬ ਸਾਰੇ ਰਸਤੇ ਵੱਡੇ ਟੋਇਆ ਕਾਰਨ ਕਰੀਬ ਬੰਦ ਹੀ ਹੋ ਜਾਂਦੇ ਹਨ। ਸ਼ਹਿਰ ਤੋ ਸ਼ਮਸਾਨ ਘਰ ਵੱਲੋ ਲੰਘਦੀ ਸੜਕ,ਜੋ ਪੁਰਾਣੀ ਚੁੰਗੀ ਨੇੜੇ ਮੋਗਾ ਰੋੜ ਨਾਲ ਮਿਲਦੀ ਹੈ, ਪਿਛਲੇ ਕਈ ਸਾਲਾਂ ਤੋ ਪੂਰੀ ਤਰ੍ਹਾ ਬੰਦ ਹੋ ਚੁੱਕੀ ਹੈ। ਨਿੰਮਾ ਵਾਲਾ ਸਕੂਲ ਵੱਲ ਦੀ ਪਿੰਡ ਢੰਡੋਵਾਲ ਵੱਲ ਜਾਣ ਵਾਲਾ ਰਸਤਾ ਵੀ ਸੀਵਰੇਜ ਪਾਉਣ ਬਆਦ ਨਾ ਬਣਾਏ ਜਾਣ ਕਾਰਨ ਚਿੱਕੜ ਤੇ ਟੋਇਆਂ ‘ਚ ਪਾਣੀ ਭਰ ਜਾਂਦਾ ਹੈ,ਜਿੱਥੋ ਦੋ ਪਹੀਆ ਵਾਹਨਾਂ ਦਾ ਲੰਘਣਾ ਖਤਰੇ ਤੋ ਖਾਲੀ ਨਹੀ ਹੈ। ਮੋਗਾ ਰੋਡ ਦੀ ਹਾਲਤ ਤਾਂ ਬਦ ਤੋਂ ਬਦਤਰ ਹੋ ਚੁੱਕੀ ਹੈ ਤੇ ਲੱਗਦਾ ਹੈ ਕਿ ਪ੍ਰਸ਼ਾਸ਼ਨ ਹੁਣ ਕਿਸੇ ਵੱਡੇ ਹਾਦਸੇ ਤੋ ਬਾਅਦ ਹੀ ਜਾਗੇਗਾ। ਇਹ ਸੜਕ ਥਿੰਦ ਹਸਪਤਾਲ ਤੋਂ ਸੇਂਟ ਮੰਨੰਜੂ ਕਾਨਵੈਂਟ ਸਕੂਲ ਤੱਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਸ਼ਹਿਰ ਤੋਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਸਕੂਲ ਦੀਆਂ ਬੱਸਾ ਦਾ ਵੀ ਇਨ੍ਹਾਂ ਵੱਡੇ ਟੋਇਆ ‘ਚੋ ਲੰਘਣਾ ਖਤਰੇ ਤੋ ਖਾਲੀ ਨਹੀ ਹੈ। ਸਥਾਨਕ ਲੋਕਾਂ ਦੀ ਪੁਰਜੋਰ ਮੰਗ ਹੈ ਕਿ ਸ਼ਹਿਰ ਦੀਆਂ ਇੰਨ੍ਹਾਂ ਸੜ੍ਹਕਾਂ ਨੂੰ ਜਲਦ ਤੋ ਜਲਦ ਬਣਾਇਆ ਜਾਵੇ ਤਾਂ ਕਿ ਇਨ੍ਹਾਂ ਤੋਂ ਉਪਜਦੇ ਹਾਦਸਿਆਂ ਦੇ ਖਤਰੇ ਨੂੰ ਟਾਲਿਆ ਜਾ ਸਕੇ।