June 23, 2026 8:58 am

ਮੈਰਿਜ ਪੈਲਸਾਂ ‘ਤੇ ਵਧੇ ਟੈਕਸਾਂ ਕਾਰਨ ਭੰਬਲਭੂਸੇ ‘ਚ ਨੇ ਪੰਜਾਬ ਦੇ ਲੋਕ

ਟਾਂਗਰਾ, 30 ਅਕਤੂਬਰ (ਕੁਲਵਿੰਦਰ ਸਿੰਘ ਦੁਸਾਂਝ)-ਦੇਸ਼ ਦਾ ਸਭ ਤੋਂ ਖੁਸ਼ਹਾਲ ਮੰਨਿਆ ਜਾਣ ਵਾਲਾ ਪ੍ਰਦੇਸ਼ ਪੰਜਾਬ ਅਤੇ ਇਥੇ ਦੇ ਫੋਕੀ ਟੌਹਰ ਦੇ ਭੁੱਖੇ ਮੱਧਵਰਗੀ ਪੰਜਾਬੀਆਂ ਦੇ ਨਾਲ-ਨਾਲ ਆਮ ਲੋਕ ਵੀ ਅੱਜਕਲ੍ਹ ਸਰਕਾਰ ਵੱਲੋਂ ਪੰਜਾਬ ‘ਚ ਅਪਣਾਏ ਜਾਂਦੇ ਦੂਹਰੇ ਮਾਪਦੰਡਾਂ ਕਰਕੇ ਡਾਹਢੇ ਪ੍ਰੇਸ਼ਾਨ ਨਜਰ ਆ ਰਹੇ ਹਨ ਹਨ ਅਤੇ ਸਰਕਾਰ ਅਤੇ ਵਿਆਹ ਮਹਿਲਾਂ (ਮੈਰਿਜ ਪੈਲਿਸਾਂ) ਵਿਚਲੇ ਟਕਰਾਓ ਦੇ ਚਲਦਿਆਂ ਇਸ ਵੇਲੇ ਮੱਧਵਰਗੀ ਸਮਾਜ ਵਿਆਹ ਦੇ ਪ੍ਰੋਗਰਾਮਾਂ ਨੂੰ ਖੁਸ਼ੀ ਭਰੇ ਮਾਹੌਲ ‘ਚ ਨੇਪਰੇ ਚਾੜ੍ਹਨ ਦੀ ਸੋਚ ਨੂੰ ਲੈ ਕੇ ਮਾਨਸਿਕ ਹਾਲਤ ਦੇ ਭੰਬਲਭੂਸੇ ‘ਚ ਫਸਿਆ ਨਜਰ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਤਾਂ ਦਲਿਤ ਲੜਕੀਆਂ ਦੇ ਵਿਆਹ ਦੀ ਸ਼ਗਨ ਸਕੀਮ ਨੂੰ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਦੂਜੇ ਪਾਸੇ ਮੈਰਿਜ ਪੈਲੇਸਾਂ ‘ਤੇ ਠੋਸੇ ਟੈਕਸ ਦਾ ਬੋਝ ਵਿਆਹ ਕਰਨ ਵਾਲੇ ਪਰਿਵਾਰਾਂ ਉਪੱਰ ਹੀ ਪੈ ਜਾਣ ਕਾਰਨ ਆਪਣੇ ਵਿਆਹ ਸਾਰਥਾਂ ਨੂੰ ਖੁਸ਼ੀਆਂ ਨਾਲ ਪੂਰਾ ਕਰਨ ਦੀ ਉਮੀਦ ‘ਚ ਬੈਠੇ ਪਰਿਵਾਰਾਂ ਵੱਲੋਂ ਇਹਨਾਂ ਟੈਕਸਾਂ ਨੂੰ ਵਿਆਹ ਟੈਕਸ ਦਾ ਨਾਂ ਦੇ ਕੇ ਸਰਕਾਰ ਵਿਰੱਧ ਅੰਦਰਖਾਤੇ ਭੜਾਸ ਕੱਢੀ ਜਾ ਰਹੀ ਹੈ । ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਪੰਜਾਬ ਦੇ ਕਿਸਾਨਾਂ , ਦਲਿਤਾਂ ‘ਤੇ ਮੁਲਾਜਮਾਂ ਦੇ ਹਿਤੈਸ਼ੀ ਮੰਨੇ ਜਾਂਦੇ ਰਹੇ ਹਨ ਅਤੇ ਇਸੇ ਕਾਰਨ ਹੀ ਉਹ ਪੰਜਾਬ ਭਰ ਦੇ ਹਰ ਵਰਗ ਦੇ ਲੋਕਾਂ ‘ਚ ਮਕਬੂਲ ਰਹੇ ਹਨ। ਅਕਾਲੀ -ਭਾਜਪਾ ਪਾਰਟੀਆਂ ਦੀ ਸਰਕਾਰ ਵੱਲੋਂ ਆਪਣੇ ਪਿਛਲੇ ਕਾਰਜਕਾਲ ‘ਚ ਵੀ ਦਲਿਤ ਵਰਗ ਦੀਆਂ ਲੜਕੀਆਂ ਵਾਸਤੇ ਸ਼ਗਨ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਅਨੁਸਾਰ ਦਲਿਤ ਵਰਗ ਦੀਆਂ ਲੜਕੀਆਂ ਵਿਆਹ ਦੇ ਸਮੇਂ ਨਕਦ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਰਿਹਾ ਅਤੇ ਪੰਜਾਬ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਲੋਕ ਇਸਦਾ ਲਾਭ ਉਠਾ ਕੇ ਸ਼ਾਹੂਕਾਰਾਂ ਦੇ ਵਿਆਜੀ ਕਰਜਿਆਂ ਦੇ ਬੋਝ ਤੋਂ ਮੁਕਤ ਹੁੰਦੇ ਰਹੇ ਅਤੇ ਹੋ ਰਹੇ ਹਨ । ਹੁਣ ਬਾਦਲ ਸਾਹਿਬ ਵੱਲੋਂ ਦਲਿਤ ਲੜਕੀਆਂ ਦੇ ਵਿਆਹ ਸਾਰਥਾਂ ‘ਚ ਸ਼ਗਨ ਸਕੀਮ ਦੀ ਰਾਸ਼ੀ ਨੂੰ ਵਧਾਉਣ ਦਾ ਬਿਆਨ ਦੇ ਕੇ ਜਿੱਥੇ ਪੰਜਾਬੀਆਂ ਲਈ ਇੱਕ ਸ਼ਲਾਘਾਯੋਗ ਕਦਮ ਉਠਾਇਆ ਗਿਆ ਹੈ ਉਥੇ ਹੀ ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲਸਾਂ ‘ਤੇ ਵੈਟ ਅਤੇ ਸ਼ਰਾਬ ਪਿਆਉਣ ਦਾ ਟੈਕਸ ਵਧਾ ਕੇ ਮੈਰਿਜ ਪੈਲਸਾਂ ਵਾਲਿਆਂ ਦੀ ਨਹੀਂ ਸਗੋਂ ਆਮ ਵਰਗ ਦੇ ਧੀਆਂ ਦੇ ਮਾਪਿਆਂ ਦੀਆਂ ਮੁਸ਼ਕਲਾਂ ‘ਚ ਵੀ ਵਾਧਾ ਕਰ ਦਿੱਤਾ ਹੈ । ਪਹਲਾਂ ਪਹਿਲ ਵਿਆਹ ਪਿੰਡਾਂ ਅਤੇ ਸ਼ਹਿਰਾਂ ‘ਚ ਸਥਾਨਕ ਥਾਵਾਂ ‘ਤੇ ਕੀਤੇ ਜਾਂਦੇ ਸਨ ਅਤੇ ਹਰੇਕ ਪਰਿਵਾਰ ਆਪਣੀ ਸਮੱਰਥਾ ਅਨੁਸਾਰ ਟੈਂਟ ਹਾਊਸ ਤੋਂ ਸ਼ਮਿਆਨਾ ਲਿਆ ਕੇ ਆਪਣੇ ਨਾਤੇਦਾਰਾਂ ਦੀ ਸਹਾਇਤਾ ਨਾਲ ਆਪਣੇ ਵਿਆਹ ਦਾ ਸਾਰਥ ਪੂਰਾ ਕਰ ਲੈਂਦਾ ਸੀ । ਪਰੰਤੂ ਸਮੇਂ ਦੇ ਕਰਵਟ ਨਾਲ ਅਤੇ ਮਨੁੱਖ ਦੀ ਸੋਚ ਅਤੇ ਸੋਹਜ ‘ਚ ਤਬਦੀਲੀ ਆ ਜਾਣ ਕਾਰਨ ਮੈਰਿਜ ਪੈਲੇਸ ਹੋਂਦ ‘ਚ ਆ ਗਏ ਅਤੇ ਅਜੋਕੇ ਸਮੇਂ ਦੀ ਲੋੜ ਬਣ ਕੇ ਰਹਿ ਗਏ ਹਨ । ਅੱਜਕੱਲ੍ਹ ਹਰੇਕ ਵਿਅਕਤੀ ਕਿਸੇ ਦੇ ਅਹਿਸਾਨ ਲੈਣ ਤੋਂ ਬਿਨਾਂ ਆਪਣਾ ਸਾਰਥ ਪੂਰਾ ਕਰਨ ਨੂੰ ਤਰਜੀਹ ਦਿੰਦਾ ਹੈ ਅਤੇ ਇਸ ਕਾਰਨ ਹੀ ਵਿਆਹ ਮੈਰਿਜ ਪੈਲਸਾਂ ‘ਚ ਹੋਣ ਲੱਗ ਪਏ ਅਤੇ ਮੈਰਿਜ ਪੈਲੇਸ ਖੋਲ੍ਹਣ ਦਾ ਰੁਝਾਨ ਵੱਧ ਗਿਆ ਅਤੇ ਇਹ ਤਜਾਰਤ ਬਣ ਗਿਆ । ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਮੈਰਿਜ ਪੈਲੇਸਾਂ ਤੇ ਢੁਕਵੇਂ ਟੈਕਸ ਲਗਾਏ ਜਾਂਦੇ ਰਹੇ ਅਤੇ ਗਰੀਬਾਂ ਤੋਂ ਮੱਧਵਰਗ ‘ਚ ਸ਼ਾਮਲ ਹੋਏ ਲੋਕਾਂ ਅਤੇ ਆਮ ਵਰਗ ਦੇ ਲੋਕਾਂ ਦੀ ਇੱਜਤ ਵੀ ਮੈਰਿਜ ਪੈਲਸਾਂ ‘ਚ ਵਿਆਹ ਕਰਕੇ ਬਣਦੀ ਰਹੀ ਅਤੇ ਉਨ੍ਹਾਂ ਦੀ ਇਜਤ ਦਾ ਪਰਦਾ ਵੀ ਬਣਿਆ ਰਿਹਾ । ਪਰ ਹੁਣ ਸਰਕਾਰ ਵੱਲੋਂ ਅਪਣਾਈ ਗਈ ਨਵੀਂ ਨੀਤੀ ਅਨੁਸਾਰ ਉਸ ਅਨੁਸਾਰ ਮੈਰਿਜ ਪੈਲਸਾਂ ‘ਚ ਵਿਆਹ ਕਰਨਾ ਹੁਣ ਆਮ ਆਦਮੀ ਦੇ ਵੱਸ ਦੀ ਗੱਲ ਹੀ ਨਹੀਂ ਰਹਿ ਗਈ ਲਗਦੀ । ਸਰਕਾਰ ਵੱਲੋਂ ਮੈਰਿਜ ਪੈਲਸਾਂ ਦੇ ਮਾਲਕਾਂ ਦੇ ਕਥਨ ਅਨੁਸਾਰ ਇੱਕ ਨਿਰਧਾਰਤ ਰਾਸ਼ੀ ਦਾ ਬਿੱਲ ਕੱਟਣਾ ਜਰੂਰੀ ਕਰ ਦਿੱਤਾ ਗਿਆ ਹੈ ਜਿ ਤੇ ਵੈਟ ਦੀ ਰਾਸ਼ੀ ਵੀ ਵਿਆਹਕਰਤਾ ਨੂੰ ਅਦਾ ਕਰਨੀ ਪੈਣੀ ਹੈ। ਉਸਤੋਂ ਬਾਅਦ ਸ਼ਰਾਬ ਪਿਆਉਣ ਦਾ ਟੈਕਸ, ਪਲੇਟਾਂ ਦੀ ਗਿਣਤੀ, ਵੀਡੀਓਗ੍ਰਾਫੀ ਇਹ ਸਭ ਕੁਝ ਮੈਰਿਜ ਪੈਲੇਸ ਵਾਲੇ ਨੂੰ ਕਰਨਾ ਪੈਣਾ ਹੈ । ਇਹ ਖਰਚਾ ਪੈਣਾ ਕਿਸਤੇ ਹੈ? ਅਰਥ ਸ਼ਾਸ਼ਤਰ ਦੀ ਪੜ੍ਹਾਈ ਕਰਨ ਵਾਲੇ ਇਹ ਸਮਝ ਸਕਦੇ ਨੇ ਕਿ ਇਹ ਸਾਰੇ ਖਰਚੇ ਮੈਰਿਜ ਪੈਲਸ ਦੇ ਮਾਲਕ ‘ਤੇ ਨਹੀਂ ਉਸ ਧੀ ਦੇ ਵਿਆਹ ‘ਤੇ ਪੈ ਰਹੇ ਨੇ ਜਿਸਦਾ ਸਾਰਥ ਪੰਜਾਬ ਦੇ ਕਿਸੇ ਵੀ ਮੈਰਿਜ ਪੈਲੇਸ ‘ਚ ਹੋ ਰਿਹਾ ਹੈ । ਉਧਰ ਸਰਕਾਰ ਵੱਲੋਂ ਲਗਾਏ ਟੈਕਸਾਂ ਦੇ ਵਿਰੋਧ ‘ਚ ਪੈਲੇਸ ਮਾਲਕਾਂ ਵੱਲੋਂ ਪਹਿਲੀ ਨਵੰਬਰ ਤੋਂ ਸ਼ਰਾਬ ਪਿਆਉਣ ‘ਤੇ ਭੰਗੜੇ ਦੀਆਂ ਪਾਬੰਦੀਆਂ ਲਾਗੂ ਕਰ ਦੇਣ ਕਾਰਨ ਬਹੁਤ ਸਾਰੇ ਵਿਆਹ ਕਰਨ ਵਾਲਿਆਂ ਨੇ ਆਪਣੀਆਂ ਸਾਈਆਂ ਰੱਦ ਕਰਕੇ ਇੱਕ-ਇੱਕ ਕਿੱਲਾ ਵਾਹ ਕੇ ਅਤੇ ਉਥੇ ਹੀ ਸ਼ਮਿਆਨਾ ਲਾ ਕੇ ਆਪਣੇ ਪ੍ਰੋਗਰਾਮ ਨੇਪਰੇ ਚਾੜਨ ਦੇ ਪ੍ਰਬੰਧ ਕਰ ਲਏ ਨੇ ਜਿਸ ਕਾਰਨ ਬਹੁਤੇ ਮੈਰਿਜ ਪੈਲਸਾਂ ਵਾਲੇ ਕਰੋੜਾਂ ਰੁਪਏ ਦੀ ਪੂੰਜੀ ਲਗਾ ਕੇ ਆਪਣੇ ਭਵਿੱਖ ਪ੍ਰਤੀ ਅਨਿਸ਼ਚਤ ਹੋਏ ਬੈਠੇ ਹਨ । ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਕਿੱਲਆਂ ਦੇ ਮਾਲਕ ਤਾਂ ਇਹ ਕਰ ਸਕਣਗੇ ਪਰਤੂ ਹੋਠਲਾ ਮੱਧ ਵਰਗੀ ਤਬਕਾ ਵੀ ਤਾਂ ਕੁਝ ਇਸ ਬਾਰੇ ਸੋਚਣ ਵਾਸਤੇ ਮਜਬੂਰ ਹੋਵੇਗਾ ਅਤੇ ਉਨ੍ਹਾਂ ਵਾਸਤੇ ਵੀ ਪੰਜਬ ‘ਚ ਧਰਮ ਸਥਾਨਾਂ ਦੀ ਕੋਈ ਬਹੁਤੀ ਕਮੀ ਨਜਰ ਨਹੀਂ ਆਉਂਦੀ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਧੀਆਂ ਪ੍ਰਤੀ ਅਪਣਾਇਆ ਦੋਹਰਾ ਮਾਪਦੰਡ ਕਿਸ ਵਾਸਤੇ ਨੁਕਸਾਨਦੇਹ ਹੋਵੇਗਾ ਮੱਧ ਵਰਗੀ ਧੀਆਂ ਦੇ ਮਾਪਿਆਂ ਲਈ, ਮੈਰਜ ਪੈਲਸਾਂ ਦੇ ਮਾਲਕਾਂ ਲਈ , ਜਾਂ ਸਰਕਾਰ ਲਈ ਇਸਦਾ ਜੁਆਬ ਤਾਂ ਭਵਿੱਖ ਦੀ ਬੁੱਕਲ ਚੋਂ ਸ਼ਾਇਦ ਹੀ ਕੋਈ ਲਭ ਸਕਦਾ ਹੋਵੇ।

Send this to a friend