May 19, 2026 7:32 pm

ਗੰਦਗੀ ਦਾ ਘਰ ਬਣਿਆ ਕਚਹਿਰੀ ਕੰਪਲੈਕਸ ਸਮਰਾਲਾ

ਸਮਰਾਲਾ, 28 ਅਗਸਤ (ਕਮਲਜੀਤ)-ਸਮਰਾਲਾ ਦਾ ਕਚਹਿਰੀ ਕੰਪਲੈਕਸ ਗੰਦਗੀ ਦਾ ਘਰ ਬਣ ਚੁਕਿਆ ਹੈ। ਰੋਜ਼ਾਨਾ ਸੈਂਕੜੇ ਲੋਕਾਂ ਨੂੰ ਇਨਸਾਫ਼ ਦੀ ਕਿਰਨ ਦਿਖਾਉਣ ਵਾਲਾ ਕਚਹਿਰੀ ਕੰਪਲੈਕਸ ਖੁਦ ਗੰਦਗੀ ਕਾਰਨ ਘਿਰਿਆ ਪਿਆ ਹੈ, ਜਿਸ ਕਾਰਨ ਇਥੇ ਕਦੇ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ। ਤਹਿਸੀਲ ਕੰਪਲੈਕਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਜਨ ਸ਼ਰਮਾ ਨੇ ਕਿਹਾ ਕਿ ਕੰਪਲੈਕਸ ਵਿੱਚ ਪਏ ਗੰਦਗੀ ਦੇ ਕੂੜੇ ਨੇ ਉਨ੍ਹਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਗੰਦਗੀ ਕਾਰਨ ਉਨ੍ਹਾਂ ਨੂੰ ਆਪਣੇ ਕੰਮ ਕਾਰ ਵਿੱਚ ਮੁਸ਼ਕਿਲ ਆ ਰਹੀ ਹੈ, ਜਦੋਂ ਹਵਾ ਦਾ ਬੁਲਾ ਉਨ੍ਹਾਂ ਦੀਆਂ ਦੁਕਾਨਾਂ ਵੱਲ ਨੂੰ ਆਉਂਦਾ ਹੈ ਤਾਂ ਕਚਹਿਰੀ ਕਾਮਿਆਂ ਦਾ ਕੰਮ ਕਰਨਾ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਚਹਿਰੀ ਕੰਪਲੈਕਸ ਵਿੱਚੋਂ ਗੰਦਗੀ ਚੁੱਕਣ ਲਈ ਉਨ੍ਹਾਂ ਵੱਲੋਂ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ, ਪਰ ਕੌਂਸਲ ਅਧਿਕਾਰੀਆਂ ਦੇ ਕੰਨਾਂ ਦੇ ਜੂੰ ਨਹੀਂ ਸਰਕ ਰਹੀ, ਸਗੋਂ ਹਰ ਵਾਰ ਉਨ੍ਹਾਂ ਦੀ ਬੇਨਤੀ ਨੂੰ ਅਣਗੌਲਿਆ ਕਰ ਦਿੰਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਜੇਕਰ ਨਗਰ ਕੌਂਸਲ ਵੱਲੋਂ ਕਚਹਿਰੀ ਅਹਾਤੇ ਵਿੱਚੋਂ ਗੰਦਗੀ ਦੇ ਢੇਰ ਨਾ ਚੁੱਕੇ ਗਏ ਤਾਂ ਉਹ ਬਾਕੀ ਆਹੁਦੇਦਾਰਾਂ ਨਾਲ ਮੀਟਿੰਗ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ, ਜਿਸਦੀ ਜਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।ਸੁਸਾਇਟੀ ਦੇ ਪ੍ਰਧਾਨ ਨਰਿੰਦਰ ਵਸ਼ਿਸ਼ਟ ਨੇ ਕਿਹਾ ਕਿ ਜੇਕਰ ਘਰਾਂ ਅੱਗੇ ਕੋਈ ਵਿਅਕਤੀ ਮਾੜਾ ਮੋਟਾ ਗੰਦ ਪਾਉਂਦਾ ਹੈ ਤਾਂ ਨਗਰ ਕੌਂਸਲ ਕਰਮਚਾਰੀ ਜਦੇ ਹੀ ਉਨ੍ਹਾਂ ਦਾ ਚਲਾਣ ਕੱਟ ਦਿੰਦੇ ਹਨ, ਪਰ ਜਨਤਕ ਜਗ੍ਹਾ ਕਚਹਿਰੀ ਕੰਪਲੈਕਸ ਵਿੱਚ ਥਾਂ-ਥਾਂ ਗੰਦ ਫੈਲਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਫੈਲੀ ਗੰਦਗੀ ਕਾਰਨ ਮੱਛਰ ਦਾ ਲਾਰਵਾ ਫੈਲ ਚੁੱਕਾ ਹੈ, ਜਿਸ ਨਾਲ ਕਦੇ ਵੀ ਕਚਹਿਰੀ ਕਾਮਾ ਇਸਦੀ ਲਪੇਟ ਵਿੱਚ ਆ ਸਕਦਾ ਹੈ।

Send this to a friend