May 21, 2026 11:42 am

ਕੈਪਟਨ ਵੱਲੋਂ ਮੌੜਮੰਡੀ ਤੇ ਬੱਲੂਆਣਾ ਦਾ ਦੌਰਾ

ਬਠਿੰਡਾ, 27 ਅਗਸਤ (ਇਕਬਾਲ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਾਲਵਾ ਅਧੀਨ ਮੌੜ ਮੰਡੀ, ਬੱਲੂਆਣਾ ਦਾ ਦੌਰਾ ਕੀਤਾ ਅਤੇ ਡੇਰਾ ਮੁੱਖੀ ਦੇ ਚੇਲਿਆਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਦੇ ਕੀਤੇ ਗਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਅਮਨ ਸ਼ਾਂਤੀ ਲਈ ਡੱਟਕੇ ਪਹਿਰਾ ਦੇਣ ਵਾਲੇ ਪੁਲਿਸ ਮੁਲਾਜ਼ਮਾਂ, ਅਫਸਰਾਂ ਦੀ ਹੌਂਸਲਾ ਅਫਜਾਈ ਕਰਨ ਉਪਰੰਤ ਪੱਤਰਕਾਰ ਵਾਰਤਾ ਵਿੱਚ ਕੀਤਾ, ਮੁੱਖ ਮੰਤਰੀ ਦੇ ਚੇਹਰੇ ਤੇ ਡੇਰਾ ਪ੍ਰੇਮੀਆਂ ਵੱਲੋਂ ਭੜਕਾਏ ਵਿਵਾਦ ਪ੍ਰਤੀ ਪੂਰਾ ਗੁੱਸਾ ਨਜ਼ਰ ਆਇਆ। ਉਹਨਾਂ ਦੱਸਿਆ ਕਿ ਲੋਕਾਂ ਵਿੱਚ ਪੂਰਾ ਉਤਸਾਹ ਹੈ ਅਤੇ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਹਨਾਂ ਦੱਸਿਆ ਕਿ ਮਾਲਵਾ ਵਿੱਚ ਭੰਨਤੋੜ ਕਰਨ ਦੀਆਂ 23 ਐਫਆਈਆਰ ਦਰਜ ਕੀਤੀਆਂ ਹਨ ਇਸ ਦੇ ਨਾਲ ਪੰਜਾਬ ਦੇ 98 ਵੱਖ ਵੱਖ ਡੇਰਿਆਂ ਦੀ ਤਲਾਸ਼ੀ ਦੌਰਾਨ, 45 ਦੇ ਕਰੀਬ ਮੁਲਜਮ ਗ੍ਰਿਫਤਾਰ ਕੀਤੇ ਗਏ ਹਨ ਅਤੇ 45 ਕੇਸ 7/51 ਦੇ ਦਰਜ ਕਰਕੇ 62 ਪਟਰੋਲ ਬੰਬ, ਇੱਕ ਬੰਦੂਕ, ਇੱਕ ਰਿਵਾਲਵਰ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਉਹਨਾਂ ਪੰਚਕੁਲਾ ਵਿਖੇ ਹੋਏ ਹਿੰਸਕ ਵਿਵਾਦ ਵਿੱਚ ਪੰਜਾਬ ਦੇ ਮਾਰੇ ਗਏ 7 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਜੋ ਵਿਅਕਤੀ ਸੂਬੇ ਅਤੇ ਦੇਸ਼ ਅਤੇ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਜਿੰਮੇਵਾਰ ਹਨ ਉਹਨਾਂ ਲਈ ਕੁੱਝ ਨਹੀਂ, ਉਹ ਉਥੇ ਲੈਣ ਕੀ ਗਏ ਸਨ? ਜਦੋਂ ਕਿ ਦੇਸ਼ ਲਈ ਜਾਨ ਦੇਣ ਵਾਲੇ ਜਾਬਾਂਜ ਵਿਅਕਤੀਆਂ ਲਈ ਖਜਾਨੇ ਦੇ ਮੂੰਹ ਖੁੱਲ੍ਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਪੰਚਕੁਲਾ ਵਿਖੇ ਫਸੇ ਸਾਰੇ ਹੀ ਡੇਰਾ ਪ੍ਰੇਮੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਅਤ ਘਰਾਂ ਤੱਕ ਪਹੁੰਚਾਇਆ ਗਿਆ ਹੈ।
ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਦੇ ਨੁਕਸਾਨ ਦੇ ਜਾਇਜ਼ੇ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਸ ਲਈ ਪੂਰੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਪਾਈ-ਪਾਈ ਵਸੂਲੀ ਜਾਏਗੀ ਤਾਂ ਜੋ ਪ੍ਰਾਈਵੇਟ ਪ੍ਰਾਪਰਟੀ ਅਤੇ ਸਰਕਾਰੀ ਅਦਾਰਿਆਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਹਰਿਆਣਾ ਦੇ ਭਾਜਪਾ ਆਗੂਆਂ ਅਤੇ ਅਫਸਰਾਂ ਵੱਲੋਂ ਪੰਚਕੁਲਾ ਵਿਵਾਦ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣ ਦੇ ਦਿੱਤੇ ਗਏ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ 13 ਦਿਨਾਂ ਤੋਂ ਇਸ ਮਾਮਲੇ ਤੇ ਡੱਟਕੇ ਪਹਿਰਾ ਨਾ ਦਿੰਦਾ ਤਾਂ ਹਾਲਾਤ ਹੋਰ ਵਿਗੜ ਜਾਣੇ ਸਨ। ਇਸ ਮੌਕੇ ਉਹਨਾਂ ਦੇ ਨਾਲ ਡੀਜੀਪੀ ਪੰਜਾਬ ਸੁਰੇਸ਼ ਅਰੋੜਾ, ਐਸਐਸਪੀ ਬਠਿੰਡਾ ਨਵੀਨ ਸਿੰਗਲਾ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ, ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਅਮਰਧੀਰ ਸਿੰਘ ਸਿੱਧੂ, ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਲਾਡੀ, ਪਰਵਿੰਦਰ ਸਿੰਘ ਸਰਨੀ, ਰਾਜਪਿੰਦਰ ਸਿੰਘ ਰਾਜੂ ਆਦਿ ਹਾਜਰ ਸਨ।

Send this to a friend