ਅੰਮ੍ਰਿਤਸਰ, 25 ਅਗਸਤ (ਦਵਾਰਕਾ ਨਾਥ ਰਾਣਾ)-ਡੇਰਾ ਸਿਰਸਾ ਦੇ ਮੁਖੀ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਉਤੇ ਵਿਚਾਰ ਕਰਨ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਕਮਲਦੀਪ ਸਿੰਘ ਸੰਘਾ ਅਤੇ ਡੀ.ਸੀ.ਪੀ. ਸ: ਅਮਰੀਕ ਸਿੰਘ ਪਵਾਰ ਨੇ ਵੱਖ-ਵੱਖ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਕੀਤੀ। ਸ: ਸੰਘਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਭੀੜ ਹਮਲਾਵਰ ਰੁੱਖ ਅਖ਼ਤਿਆਰ ਕਰਕੇ ਕਿਸੇ ਨਿਹੱਥੇ ਜਾਂ ਮਜ਼ਲੂਮ ਉਤੇ ਹਮਲਾ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ ਪਰ ਸਾਨੂੰ ਸਾਰਿਆਂ ਨੂੰ ਇਸ ਲਈ ਸਰਕਾਰ ਦਾ ਸਾਥ ਦੇਣ ਦੇ ਨਾਲ-ਨਾਲ ਸੰਜਮ ਬਣਾਏ ਰੱਖਣ ਦੀ ਲੋੜ ਹੈ ਤਾਂ ਜੋ ਕੋਈ ਸ਼ਰਾਰਤੀ ਵਿਅਕਤੀ ਭਾਈਚਾਰਕ ਸਾਂਝ ਵਿੱਚ ਰੋੜਾ ਨਾ ਬਣੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨ ਦੇ ਨਾਲ-ਨਾਲ ਕੋਈ ਵੀ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਜੋ ਕਿ ਕਿਸੇ ਫਿਰਕੇ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਵੇ। ਇਸ ਮੌਕੇ ਸ: ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਹਨ। ਜਿਸ ਵਿੱਚ ਪੁਲਿਸ, ਬੀ.ਐਸ.ਐਫ. ਅਤੇ ਆਰਮਡ ਫੋਰਸਾਂ ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਥਾਂ-ਥਾਂ ਨਾਕਾਬੰਦੀ ਕੀਤੀ ਹੋਈ ਹੈ। ਉਨ੍ਹਾਂ ਸਾਰੇ ਹਾਜ਼ਰ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਜੇਕਰ ਕੋਈ ਫਿਰਕੂ ਕਾਰਵਾਈ ਜਾਂ ਵਿਵਾਦ ਦੀ ਖ਼ਬਰ ਮਿਲਦੀ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਇਸ ਨੂੰ ਮੌਕੇ ਸਿਰ ਰੋਕਿਆ ਜਾ ਸਕੇ। ਇਸ ਮੌਕੇ ਸ੍ਰੀ ਰਜਿੰਦਰ ਸਿੰਘ ਮਰਵਾਹਾ, ਸ੍ਰੀ ਸੰਦੀਪ ਸਿੱਕਾ, ਸ: ਹਰਭਜਨ ਸਿੰਘ ਐਸ.ਜੀ.ਪੀ.ਸੀ., ਸ: ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਜੈ ਕਪੂਰ, ਸ੍ਰੀ ਕ੍ਰਿਸ਼ਨ ਸ਼ਰਮਾ ਅਤੇ ਹੋਰ ਆਗੂ ਹਾਜ਼ਰ ਸਨ।