ਬ੍ਰਿਸਬੇਨ, 25 ਅਗਸਤ (ਸਤਵਿੰਦਰ ਟੀਨੂੰ)-ਆਸਟਰੇਲੀਆ ਦੀ ਧਰਤੀ ਤੇ ਪਿਛਲੇ ਡੇਢ ਦਹਾਕੇ ਤੋਂ ਪੰਜਾਬੀਆੰ ਦੀ ਭਰਵੀਂ ਆਮਦ ਨਾਲ ਸਾਹਿਤਕ, ਸਮਾਜਿਕ ਅਤੇ ਸਭਿਆਚਾਰਿਕ ਗਤੀਵਿਧੀਆਂ ਵਿਚ ਬਹੁਤ ਤੇਜ਼ੀ ਅਤੇ ਵਿਸ਼ਾਲਤਾ ਆਈ ਹੈ । ਵਿਦੇਸ਼ਾਂ ਵਿਚ ਖੇਡਾਂ ਦੇ ਮਾਧਿਅਮ ਰਾਹੀਂ ਪੰਜਾਬੀ ਭਾਈਚਾਰੇ ਅਕਸਰ ਹੀ ਇਕਤਰਤਾ ਕਰਦਾ ਰਹਿੰਦਾ ਹੈ । ਇਸੇ ਹੀ ਲੜੀ ਤਹਿਤ ਬ੍ਰਿਸਬੇਨ ਦੀਆਂ ਖੇਡਾਂ ਅਤੇ ਸਮਾਜ-ਸੇਵਾ ਨਾਲ ਜੁੜੀਆਂ ਨਾਮਵਰ ਹਸਤੀਆਂ ਵਲੋਂ ਬ੍ਰਿਸਬੇਨ ਸ਼ਹਿਰ ਵਿਚ ਮਿਤੀ 30 ਸਤੰਬਰ ਅਤੇ 1 ਅਕਤੂਬਰ ਨੂੰ ਪਹਿਲਾ ਆਸਟਰੇਲੀਅਨ ਪੰਜਾਬੀ ਖੇਡ-ਮੇਲਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ । ਇਸ ਦੋ-ਦਿਨਾ ਰਾਸ਼ਟਰੀ ਖੇਡ-ਮੇਲੇ ਵਿਚ ਆਸਟਰੇਲੀਆ ਦੇ ਹਰ ਕੋਨੇ ਵਿਚ ਬੈਠੇ ਪੰਜਾਬੀ ਸ਼ਾਮਿਲ ਹੋਣਗੇ । ਕ੍ਰਿਕਟ, ਵਾਲੀਬਾਲ, ਫੁਟਬਾਲ, ਕਬਡੀ ਅਤੇ ਰਸਾ-ਕਸ਼ੀ ਆਦਿ ਇਸਦੇ ਮੁਖ ਆਕਰਸ਼ਨ ਹੋਣਗਾ । ਇਸ ਟੂਰਨਾਮੈਂਟ ਦੀ ਸਭ ਤੋਂ ਵਡੀ ਵਿਸ਼ੇਸਤਾ ਇਹ ਹੋਵੇਗੀ ਕਿ ਇਸ ਮੌਕੇ, ਗਿਧੇ-ਭੰਗੜੇ ਤੋਂ ਇਲਾਵਾ ਪਹਿਲੀ ਰਾਸ਼ਟਰੀ ਮੀਡੀਆ ਕਾਨਫਰੰਸ ਅਤੇ ਸਾਂਝੇ ਪੰਜਾਬ ਨੂੰ ਸਮਰਪਿਤ ਇਕ ਕੌਮੀ ਪੰਜਾਬੀ ਸਾਹਿਤਕ ਸੰਮੇਲਨ ਵੀ ਹੋਵੇਗਾ । ਇਸ ਸੰਬੰਧੀ ਕਲ ਸਰਾਏ ਨਿਵਾਸ ਵਿਖੇ ਹੋਈ ਅਹਿਮ ਮੀਟਿੰਗ ਵਿਚ ਸਤ-ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । ਜਿਸ ਵਿਚ ਪਰਮਜੀਤ ਸਰਾਏ ਨੂੰ ਆਨਰੇਰੀ ਚੇਅਰਮੈਨ, ਰਵਿੰਦਰ ਸਿੰਘ ਹਨੀ ਨੂੰ ਪ੍ਰਧਾਨ ਅਤੇ ਮਨਜੀਤ ਬੋਪਾਰਾਏ ਨੂੰ ਸੈਕਟਰੀ ਬਣਾਇਆ ਗਿਆ । ਅਵਨਿੰਦਰ ਸਿੰਘ ਲਾਲੀ ਗਿਲ ਨੂੰ ਟੂਰਨਾਮੈਂਟ ਮੈਨੇਜਰ, ਡਾ ਪਰਮਜੀਤ ਸਿੰਘ ਨੂੰ ਉਪ-ਪ੍ਰਧਾਨ, ਦੁਪਿੰਦਰ ਸਿੰਘ ਨੂੰ ਕੈਸ਼ੀਅਰ ਅਤੇ ਮੁਖਤਾਰ ਸਿੰਘ ਢਿਲੋਂ ਨੂੰ ਸਵਾਗਤੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ । ਇਸ ਮੌਕੇ ਖੇਡਾਂ ਦੇ ਨਾਲ-ਨਾਲ ਇਸ ਮਹਾਂਦੀਪ ਵਿਚ ਭਾਈਚਾਰਿਕ ਸਾਂਝ, ਪੰਜਾਬੀ ਵਿਰਾਸਤ ਦੀ ਪੇਸ਼ਕਾਰੀ ਅਤੇ ਪੰਜਾਬੀ ਸਾਹਿਤ ਦੇ ਪਾਸਾਰ ਨਾਲ ਸੰਬੰਧਿਤ ਹੋਰ ਵੀ ਬਹੁਤ ਪਖਾਂ ਨੂੰ ਪਹਿਲ ਦਿਤੀ ਜਾਵੇਗੀ