ਸਰਦੂਲਗੜ੍ਹ, 24 ਅਗਸਤ (ਬਲਜੀਤਪਾਲ, ਵਿਪਨ)- ਬਾਅਦ ਦੁਪਹਿਰ ਅੰਤਰਰਾਜੀ ਬੱਸ ਸੇਵਾ ਠੱਪ ਹੋ ਜਾਣ ਕਾਰਨ ਪੰਜਾਬ ਤੋਂ ਹਰਿਆਣੇ ਵੱਲ ਜਾਂਦੀਆਂ ਸੜਕਾਂ ਦੇ ਅਵਾਜਾਈ ਕਾਫੀ ਘਟ ਗਈ । ਬਾਅਦ ਦੁਪਹਿਰ ਸਰਦੂਲਗੜ੍ਹ ਦੇ ਬੱਸ ਅੱਡੇ ਤੋਂ ਸਿਰਸਾ , ਰਤੀਆ, ਕਾਲਿਆਂਵਾਲੀ ਅਤੇ ਡਿੰਗ ਵੱਲ ਕੋਈ ਵੀ ਬੱਸ ਨਹੀਂ ਚੱਲੀ । ਜਿੱਥੇ ਪ੍ਰਾਈਵੇਟ ਬੱਸ ਸਵੇਰ ਤੋਂ ਹੀ ਬੰਦ ਸੀ ਉਥੇ ਹਰਿਆਣਾਂ ਅਤੇ ਪੰਜਾਬ ਰੋਡਖੇਜ਼ ਦੀਆਂ ਬੱਸਾਂ ਨੇ ਬਾਅਦ ਦੁਪਹਿਰ ਆਪੋ ਆਪਣੇ ਸੂਬਿਆਂ ’ਚ ਬਰੇਕ ਮਾਰ ਦਿੱਤੇ। ਬੱਸ ਸੇਵਾ ਬੰਦ ਹੋਣ ਕਾਰਨ ਸੈਂਕੜੇ ਮੁਸਾਫਿਰ ਪ੍ਰੇਸ਼ਾਨ ਹੋਏ। ਦੱਸਣਾ ਬਣਦਾ ਹੈ ਸਿਰਸਾ ਦੇ ਮੁੱਖ ਡੇਰਾ ਸੱਚਾ ਸੌਦਾ ਪੁੱਜਣ ਲਈ ਪੰਜਾਬ ਦੀ ਵੱਡੀ ਗਿਣਤੀ ਸੰਗਤ ਸਰਦੂਲਗੜ੍ਹ ਰਸਤੇ ਹੀ ਸਿਰਸਾ ਪੁੱਜਦੀ ਹੈ ।ਸਰਦੂਲਗੜ੍ਹ ਤੋਂ ਦੋ ਕਿੱਲੋਮੀਟਰ ਦੂਰ ਅੰਤਰ ਰਾਜੀ ਬੱਸ ਅੱਡਾ ਸਰਦੂਲੇਵਾਲਾ ਵਿਖੇ ਪੂਰਨ ਤੌਰ ’ਤੇ ਸੁੰਨ ਪਸਰੀ ਰਹੀ । ਜਿਕਰਯੋਗ ਹੈ ਇਸ ਅੱਡੇ ਤੋਂ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਨੂੰ ਹਰਿਆਣਾ ਰਾਜ ਦੀਆਂ ਦੋ ਦਰਜ਼ਨ ਦੇ ਕਰੀਬ ਬੱਸਾਂ ਸਿਰਸਾ, ਗੁੜਾ, ਰੋੜੀ , ਕਾਲਿਆਂ ਵਾਲੀ, ਡੱਬਵਾਲੀ ਅਤੇ ਸੂਰਤੀਆ ਵੱਲ ਵਾਰ ਵਾਰ ਰਵਾਨਾ ਹੁੰਦੀਆਂ ਹਨ। ਬੱਸ ਸੇਵਾ ਠੱਪ ਹੋਣ ਕਾਰਨ ਹਰਿਆਣਾ ਤੋਂ ਪੰਜਾਬ ਅਤੇ ਪੰਜਾਬ ਤੋਂ ਹਰਿਆਣਾ ਵੱਲ ਜਾਣ ਵਾਲੇ ਮੁਸਾਫਿਰਾਂ ਨੂੰ ਨਿੱਜੀ ਵਾਹਨਾਂ ਰਾਹੀਂ ਅਤੇ ਪੈਦਲ ਮਾਰਚ ਕਰਕੇ ਜਾਣਾ ਪਿਆ। ਪ੍ਰਾਈਵੇਟ ਬੱਸ ਐਸੋਸੀਏਸ਼ਨ ਦੇ ਆਗੂ ਮਦਨ ਲਾਲ ਨੇ ਦੱਸਿਆ ਸਿਰਸਾ ਅਤੇ ਹੋਰ ਵੱਖ ਵੱਖ ਸ਼ਹਿਰਾਂ ਤੋਂ ਪੰਜਾਬ ਆਉਣ ਵਾਲੇ ਹਰਿਆਣਾ ਰੋਡਵੇਜ਼ ਦੇ 10 ਰੂਟ ਬੰਦ ਰਹੇ। ਸਬਜ਼ੀ ਮੰਡੀ ਦੇ ਪ੍ਰਬੰਧਕਾਂ ਵੱਲੋਂ ਤਿੰਨ ਦਿਨਾਂ ਲਈ ਮੰਡੀ ਬੰਦ ਰੱਖੇ ਜਾਣ ਦੇ ਐਲਾਣ ਨੇ ਸਬਜ਼ੀਆਂ ਦੇ ਭਾਅ ਅਸਮਾਨੀ ਚਾੜ ਦਿੱਤੇ ਹਨ।ਅੱਜ ਗਾਹਕਾਂ ਨੇ ਡੇਢੇ ਭਾਅ ’ਤੇ ਸਬਜ਼ੀਆਂ ਦੀ ਖਰੀਦ ਕੀਤੀ। 25 ਅਸਗਤ ਨੂੰ ਘਰੋਂ ਬਾਹਰ ਨਾ ਜਾਣ ਦੇ ਇਰਾਦੇ ਨਾਲ ਅੱਜ ਲੋਕਾਂ ਨੇ ਘਰੇਲੂ ਲੋੜਾਂ ਦਾ ਜ਼ਰੂਰੀ ਸਮਾਨ ਖਰੀਦਿਆ। ਤੇਲ ਪੰਪ ਮਾਲਕਾਂ ਨੇ ਖਪਤਕਾਰਾਂ ਨੂੰ ਕਿਸੇ ਕੇਨੀ ਜਾਂ ਬੋਤਲ ਵਿੱਚ ਤੇਲ ਪਾ ਕੇ ਦੇਣ ਤੋਂ ਪੂਰਨ ਤੌਰ ’ਤੇ ਮਨਾਹੀ ਕਰੀਂ ਰੱਖੀ । ਪੁਲੀਸ ਵੱਲੋਂ ਸਰਦੂਲਗੜ ਸ਼ਹਿਰ ਅਤੇ ਇਸਦੇ ਆਸ ਪਾਸ ਪੂਰਨ ਤੌਰ ’ਤੇ ਮੁਸਤੈਦੀ ਰੱਖੀ ਗਈ । ਨਾਕੇਬੰਦੀ ਰਾਹੀਂ ਪੁਲੀਸ ਹਰਿਆਣਾ ਵੱਲੋਂ ਆਉਣ ਵਾਲੇ ਅਤੇ ਜਾਣ ਵਾਲੇ ਹਰ ਮੁਸਾਫਿਰ ’ਤੇ ਨਜ਼ਰ ਰੱਖੇ ਹੋਏ ਸੀ । ਦੋ ਦਿਨ ਪਹਿਲਾਂ ਹੀ ਵੱਜ ਗਈਆਂ ਸ਼ਹਿਨਾਈਆਂ- 25 ਅਗਸਤ ਦੇ ਹਲਾਤਾਂ ਬਾਰੇ ਪੈਦਾ ਹੋਏ ਭੰਬਲਭੂਸੇ ਕਾਰਨ ਲੋਕਾਂ ਨੇ ਆਪਣੈ ਵਿਆਹ ਸਮਾਗਮ ਜਾਂ ਤਾਂ ਅੱਗੇ ਪਾ ਦਿੱਤੇ ਹਨ ਜਾਂ ਪਹਿਲਾਂ ਹੀ ਨਿਬੇੜ ਲਏ ਹਨ। ਸਰਦੂਲਗੜ੍ਹ ਦੇ ਇੱਕ ਆੜਤੀਏ ਪਵਨ ਕੁਮਾਰ ਨੇ ਆਪਣੇ ਪੁਤਰ ਲੱਕੀ ਗਰਗ ਦਾ ਵਿਆਹ 25 ਅਗਸਤ ਨੂੰ ਰਖਿਆ ਹੋਇਆ ਸੀ। ਉਸਨੇ ਵਿਆਹ ਸਮਾਗਮ ਸ਼ਾਨਦਾਰ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਬਠਿੰਡਾ ਵਿਖੇ ਇੱਕ ਪੈਲੇਸ ਬੁੱਕ ਕੀਤਾ ਹੋਇਆ ਸੀ । 25 ਅਗਸਤ ਨੂੰ ਕਿਸੇ ਵੀ ਸੰਭਾਵੀ ਖ਼ਤਰੇ ਤੋਂ ਬਚਦਿਆਂ ਪਵਨ ਕੁਮਾਰ ਨੇ ਆਪਣੇ ਪੁੱਤਰ ਦਾ ਵਿਆਹ 23 ਅਗਸਤ ਨੂੰ ਹੀ ਮਾਨਸਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਨੇਪਰੇ ਚਾੜ ਲਿਆ। ਜਿਸ ਘਰੇ ਦੋ ਦਿਨ ਬਾਅਦ ਸ਼ਹਿਨਾਈਆਂ ਵੱਜਣੀਆਂ ਸਨ 23 ਨੁੰ ਹੀ ਵੱਜ ਗਈਆਂ।