ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਸੰਸਥਾਵਾਂ ਦਾ ਖਾਤਮਾ ਕਰਕੇ ਆਮ ਲੋਕਾਂ ਦੀ ਲੁਟ ਕਰਨ ਲਈ ਪ੍ਰਾਈਵੇਟ ਦੁਕਾਨਾਂ ਖੋਲ ਦਿਤੀਆਂ

ਭਵਾਨੀਗੜ੍ਹ, 21 ਅਗਸਤ (ਕ੍ਰਿਸ਼ਨ ਗਰਗ)- ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਸੰਸਥਾਵਾਂ ਦਾ ਖਾਤਮਾ ਕਰਕੇ ਆਮ ਲੋਕਾਂ ਦੀ ਲੁਟ ਕਰਨ ਲਈ ਪ੍ਰਾਈਵੇਟ ਦੁਕਾਨਾਂ ਖੋਲ ਦਿਤੀਆਂ ਹਨ । ਇਹ ਦੋਸ਼ ਅਜ ਇਥੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਪਿਛਲੇ 6 ਦਿਨਾਂ ਤੋਂ ਭੁਖ ਹੜਤਾਲ ਉਤੇ ਬੈਠੇ ਵਿਦਿਆ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਜਥੇਦਾਰ ਪ੍ਰਸੋਤਮ ਸਿੰਘ ਫਗੂਵਾਲਾ ਦੀ ਹਿਮਾਇਤ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਲਗਾਏ । ਸ੍ਰੀ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ ਹੈ,ਸਿਰਫ ਰੰਗ ਦਾ ਹੀ ਫਰਕ ਹੈ । ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਕੂਲ,ਹਸਪਤਾਲ ਅਤੇ ਆਵਾਜਾਈ ਦੇ ਸਾਧਨਾ ਦਾ ਨਿਜੀਕਰਨ ਕਰਕੇ ਹੁਣ ਇਨ੍ਹਾਂ ਸੰਸਥਾਵਾਂ ਨੂੰ ਲੋਕ ਭਲਾਈ ਦੀ ਥਾਂ ਵਪਾਰ ਵਿਚ ਤਬਦੀਲ ਕਰ ਦਿਤਾ ਹੈ । ਜਿਸ ਕਾਰਨ ਹੁਣ ਆਮ ਲੋਕਾਂ ਨੂੰ ਇਨ੍ਹਾਂ ਤੋਂ ਕਿਸੇ ਭਲੇ ਦੀ ਝਾਕ ਨਹੀ ਰਖਣੀ ਚਾਹੀਦੀ । ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਖੋਲਣ ਸਮੇ ਅਕਾਲੀ-ਭਾਜਪਾ ਸਰਕਾਰ ਨੇ ਗਰੀਬ ਲੋਕਾਂ ਦੇ ਬਚਿਆਂ ਨੂੰ ਮੁਫ਼ਤ ਸਹੂਲਤ ਦੇਣ ਦੇ ਐਲਾਨ ਕੀਤੇ ਸਨ ,ਪਰ ਥੋੜੇ ਸਮੇ ਵਿਚ ਹੀ ਹੁਣ ਇਹ ਬੰਦ ਹੋਣ ਦੇ ਕਿਨਾਰੇ ਜਾ ਖੜੇ । ਉਨ੍ਹਾਂ ਵਿਦਿਆ ਬਚਾਓ ਸੰਘਰਸ਼ ਕਮੇਟੀ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੇ ਸੰਘਰਸ਼ ਦੀ ਪਾਰਟੀ ਵਲੋਂ ਪੂਰੀ ਹਿਮਾਇਤ ਕਰਨ ਦਾ ਭਰੋਸਾ ਦਿਤੋ ਅਤੇ ਕਿਹਾ ਕਿ ਉਹ ਪੰਜਾਬ ਸਰਕਾਰ ਕੋਲ ਆਪਣੇ ਤੌਰ ਤੇ ਵੀ ਇਹ ਮਸਲਾ ਉਠਾਉਣਗੇ । ਉਨ੍ਹਾਂ ਜਿਲਾ ਅਧਿਕਾਰੀਆਂ ਨੂੰ ਜ਼ੋਰ ਦੇਕੇ ਕਿਹਾ ਕਿ ਭੁਖ ਹੜਤਾਲ ਉਤੇ ਬੈਠੇ ਜਥੇਦਾਰ ਫਗੂਵਾਲਾ ਦੀ ਸਿਹਤ ਸਬੰਧੀ ਉਚੇਚਾ ਧਿਆਨ ਰਖਿਆ ਜਾਵੇ ।ਇਸ ਤੋਂ ਬਾਅਦ ਭਗਵੰਤ ਮਾਨ ਨੇ ਪਿੰਡ ਬਾਲਦ ਖੁਰਦ ਦੇ ਆਦਰਸ਼ ਸਕੂਲ ਵਿਖੇ ਪਹੁੰਚਕੇ ਵੀ ਸਕੂਲ ਸਟਾਫ ਅਤੇ ਲੋਕਲ ਕਮੇਟੀ ਦੇ ਮੈਂਬਰਾਂ ਨਾਲ ਗਲਬਾਤ ਕੀਤੀ । ਇਸ ਮੌਕੇ ਜਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁਲੀ , ਬਚਨ ਬੇਦਿਲ, ਦਿਨੇਸ ਬਾਂਸਲ, ਹਰਪ੍ਰੀਤ ਬਾਜਵਾ, ਹਰਭਜਨ ਹੈਪੀ, ਨਰਦੇਵ ਸਿੰਘ ਤੂਰ,ਅਵਤਾਰ ਤਾਰੀ, ਗੌਰੀ ਸੰਕਰ, ਮੰਗਲ ਢਿਲੋਂ, ਰਜਿੰਦਰ ਗੋਗੀ ਅਤੇ ਅਤੁਲ ਗੁਪਤਾ ਵੀ ਹਾਜਰ ਸਨ । ਜਥੇਦਾਰ ਫਗੂਵਾਲਾ ਨੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੰਘਰਸ਼ ਮਨੁਖਤਾ ਦੀ ਭਲਾਈ ਹਿਤ ਸ਼ੁਰੂ ਕੀਤਾ ਗਿਆ ਹੈ ਅਤੇ ਆਖਰੀ ਦਮ ਤਕ ਲੜਿਆ ਜਾਵੇਗਾ ।

Send this to a friend