ਗਲਤ ਸਾਇਡ ’ਤੇ ਆ ਰਹੇ ਮੋਟਰਸਾਇਕਲ ਚਾਲਕ ਖਿਲਾਫ਼ ਮਾਮਲਾ ਦਰਜ
ਜਲਾਲਾਬਾਦ, 21 ਅਗਸਤ (ਸਚਿਨ ਮੋਂਗਾ/ ਸੋਨੂੰ ਮਹੰਤ)- ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਮੰਡੀ ਲਾਧੂਕਾ ਦੇ ਨੇੜੇ ਦੋ ਮੋਟਰ ਸਾਇਕਲਾਂ ਵਿਚਕਾਰ ਹੋਈ ਆਹਮਣੇ ਸਾਹਮਣੇ ਦੀ ਟੱਕਰ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ’ਚ ਮ੍ਰਿਤਕ ਕੁਲਵੰਤ ਸਿੰਘ ਵਾਸੀ ਪਿੰਡ ਪੱਕਾ ਚਿਸ਼ਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਸਿੰਘ ਅਤੇ ਪਿੰਡ ਨੂਰ ਸਮੰਦ ਵਾਸੀ ਲਖਵਿੰਦਰ ਸਿੰਘ ਕੱਲ ਕਿਸੇ ਕੰਮ ਲਈ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਲਮੋਚੜਕਲਾਂ ਗਏ ਸਨ। ਜਦ ਉਹ ਦੋਵ੍ਹੇਂ ਵਾਪਸ ਆ ਰਹੇ ਸਨ ਤਾਂ ਮੰਡੀ ਲਾਧੂਕਾ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਲੱਕੜ ਵਾਲੇ ਆਰਿਆਂ ਦੇ ਕੋਲ ਸਾਹਮਣੇ ਤੋਂ ਆ ਰਹੇ ਇੱਕ ਮੋਟਰ ਸਾਇਕਲ ਜਿਸ ’ਤੇ ਬੂੜ ਸਿੰਘ ਅਤੇ ਸ਼ਿੰਦੋ ਬਾਈ ਵਾਸੀ ਪਿੰਡ ਲੱਖੇ ਕੇ ਉਤਾੜ ਜੋ ਗਲਤ ਦਿਸ਼ਾ ਵੱਲ ਆ ਰਹੇ ਸਨ ਦੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਸੜ੍ਹਕ ਹਾਦਸੇ ’ਚ ਜ਼ਖ਼ਮੀ ਕੁਲਵੰਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ। ਜਿੱਥੋਂ ਕੁਲਵੰਤ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਅਗਲੇ ਇਲਾਜ ਲਈ ਮੁਕਤਸਰ ਲਈ ਰੈਫਰ ਕਰ ਦਿੱਤਾ ਗਿਆ। ਜਦੋਂ ਕੁਲਵੰਤ ਸਿੰਘ ਨੂੰ ਇਲਾਜ ਦੇ ਲਈ ਮੁਕਤਸਰ ਲੈਜਾਇਜਾ ਜਾ ਰਿਹਾ ਸੀ ਤਾਂ ਜਲਾਲਾਬਾਦ ਦੇ ਨੇੜੇ ਉਸਦੀ ਮੌਤ ਹੋ ਗਈ। ਜਦਕਿ ਬੂੜ ਸਿੰਘ ਅਤੇ ਸ਼ਿੰਦੋ ਬਾਈ ਨੂੰ ਫਾਜ਼ਿਲਕਾ ਦੇ ਕਿਸੇ ਨਿਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਕੁਲਵੰਤ ਸਿੰਘ ਦਾ ਅੱਜ ਸਥਾਨਕ ਸਿਵਲ ਹਸਪਤਾਲ ’ਚ ਪੋਸਟਮ ਮਾਰਟਮ ਕਰਵਾਇਆ ਗਿਆ। ਏ ਐਸ ਆਈ ਸੁਰਿੰਦਰ ਕੁਮਾਰ ਇੰਚਾਰਜ਼ ਚੌਕੀ ਲਾਧੂਕਾ ਮੰਡੀ ਨੇ ਦੱਸਿਆ ਕਿ ਪੁਲਸ ਨੇ ਲਖਵਿੰਦਰ ਸਿੰਘ ਵਾਸੀ ਪਿੰਡ ਨੂਰ ਸਮੰਦ ਦੇ ਬਿਆਨਾਂ ’ਤੇ ਬੂੜ ਸਿੰਘ ਵਾਸੀ ਪਿੰਡ ਲੱਖੇਕੇ ਉਤਾੜ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 279, 427, 304ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।