ਜੈਤੋ, 21 ਅਗਸਤ (ਸਤਵਿੰਦਰਪਾਲ ਸਿੰਘ ਸੱਤੀ) – ਦੀਪਕ ਜੈਤੋਈ ਮੰਚ ਦੇ ਮਹੀਨਾਵਾਰ ਸਮਾਗਮ ਵਿਚ ਇਸ ਵਾਰ ਤਰਸੇਮ ਸਿੰਘ ਭੱਟੀ ਚੈਨਾ ਨਾਲ ਰੂਬਰੁ ਪ੍ਰੋਗਰਾਮ ਸਥਾਨਕ ਸਾਹਿਤ ਸਦਨ ਬਠਿੰਡਾ ਰੋਡ ਵਿਖੇ ਬੀਤੇ ਦਿਨ ਬਾਅਦ ਦੁਪਿਹਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਇਆ। ਰੂਬਰ ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਪੰਜਾਬੀ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਦੇ ਬੇ-ਵਕਤ ਅਕਾਲ ਚਲਾਣੇ ‘ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਵਿਸ਼ੇਸ ਰੂਬਰੁ ਸਮਾਗਮ ਦੇ ਕਵੀ ਦਰਬਾਰ ਦੀ ਪ੍ਰਧਾਨਗੀ ਤਰਸੇਮ ਸਿੰਘ ਨਰੂਲਾ, ਤਿਰਲੋਕ ਵਰਮਾ ਅਤੇ ਤਰਸੇਮ ਸਿੰਘ ਭੱਟੀ ਨੇ ਸਾਂਝੇ ਤੌਰ ਤੇ ਕੀਤੀ ਅਤੇ ਮੰਚ ਸੰਚਾਲਨ ਦੀ
ਜਿੰਮੇਵਾਰੀ ਨੂੰ ਪ੍ਰਧਾਨ ਗੁਰਦੀਪ ਸ਼ਰਮਾ ਚੈਨਾ ਨੇ ਬਾਖੂਬੀ ਨਿਭਾਇਆ। ਗਲਬਾਤ ਦੌਰਾਨ ਤਰਸੇਮ ਸਿੰਘ ਭੱਟੀ ਨੇ ਆਪਣੇ ਜਿੰਦਗੀ ਨਾਲ ਜੁੜੀਆਂ ਸ਼ਾਇਰੀ ਦੀਆਂ ਤੰਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਭੱਟੀ ਨੇ ਦੱਸਿਆ ਕਿ ਫ਼ੋਜ ਦੀ ਨੌਕਰੀ ਕਰਦਿਆਂ ਉਸ ਨੂੰ ਮਹਿਜ ਇਸ ਗਲ ਕਰਕੇ ਪਿੱਠੂ ਦੀ ਸਜਾ ਲਾਈ ਗਈ ਕਿ ਇੱਕ ਸਮਾਗਮ ਵਿਚ ਇਨਾਮ ਵਜੋਂ ਮਿਲੀ ਕਾਲੀ ਲੋਈ ਮੈਂ ਆਪਣੇ ਅਫ਼ਸਰ ਨੂੰ ਨਹੀਂ ਦਿੱਤੀ। ਜਨਾਬ ਭੱਟੀ ਦੀ ਕਲਮ ਰਾਹੀਂ ਲਿਖੇ ਗੀਤਾਂ ਨੂੰ ਉੱਘੇ ਪੰਜਾਬੀ ਗਾਇਕ ਹਰਿੰਦਰ ਸੰਧੂ, ਸ਼ਰੀਫ਼ ਦਿਲਦਾਰ ਅਤੇ ਪੰਮਾ ਸ਼ਾਇਰ-ਮਿਸ ਪੂਜਾ ਦੀ ਜੋੜੀ ਨੇ ਬਾਖੂਬੀ ਗਾਏ ਹਨ ਅਤੇ ਕੁਝ ਗੀਤ ਮਨਮੋਹਣ ਵਾਰਿਸ ਨੂੰ ਭੇਜੇ ਹਨ। ਇਸ ਸਮਾਗਮ ਵਿਚ ਜੱਸ ਬਠਿੰਡਾ ਵਲੋਂ ਤਲਵੰਡੀ ਸਾਬੋ ਗੁਰਦੁਆਰਾ ਘਟਨਾ ‘ਤੇ ਕਟਾਕਸ਼ ਕਰਦੀ ‘ਬਦਲਦੇ ਅਰਥ’ ਕਵਿਤਾ ਸਮਾਜਕ ਚਿੰਤਨ ਵਲ ਧਿਆਨ ਕਰਵਾਉਂਦੀ ਹੈ। ਇਸ ਸਮਾਗਮ ਵਿਚ ਗੁਰਦੀਪ ਸ਼ਰਮਾ, ਤਰਸੇਮ ਨਰੂਲਾ, ਤਿਰਲੋਕੀ ਵਰਮਾ, ਸਾਧੂ ਰਾਮ ਸ਼ਰਮਾ ਪ੍ਰਿੰਸੀਪਲ, ਸੁਰੇਸ਼ ਸ਼ਰਮਾ, ਸੁਰਿੰਦਰਪਾਲ ਸ਼ਰਮਾ, ਅਰਸ਼ਦੀਪ ਅਰਸ਼, ਗੁਰਵਿੰਦਰ ਸਿੰਘ, ਪਰਵਿੰਦਰ ਸਿੰਘ, ਗੁਰਬਿੰਦਰ ਦਬੜੀਖਾਨਾ, ਰਾਜਬੀਰ ਮੱਤਾ, ਜੀਤਾ ਸਿੰਘ ਚੈਨਾ, ਸਤਵਿੰਦਰ ਸੱਤੀ, ਚਰਨਜੀਤ ਚਾਂਦੀ, ਹਰਭਗਵਾਨ ਕਰੀਰਵਾਲੀ, ਦੌਲਤ ਸਿੰਘ ਅਨਪੜ੍ਹ, ਹਰਚੰਦ ਕੰਦੀ ਅਤੇ ਮਲਕੀਤ ਕਿੱਟੀ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਅੰਤ ਵਿਚ ਦੀਪਕ ਜੈਤੋਈ ਮੰਚ ਦੇ ਪ੍ਰਧਾਨ ਗੁਰਦੀਪ ਸ਼ਰਮਾ ਚੈਨਾ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।