ਭਵਾਨੀਗੜ੍ਹ, 20 ਅਗਸਤ (ਕ੍ਰਿਸ਼ਨ ਗਰਗ)- ਨਿੱਜੀ ਸਕੂਲਾਂ ਦੀ ਲੁਟ ਖਿਲਾਫ ਅਤੇ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਿਛਲੇ ਪੰਜ ਦਿਨਾਂ ਤੋਂ ਭੁਖ ਹੜਤਾਲ ਤੇ ਬੈਠੇ ਵਿਦਿਆ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਜਥੇਦਾਰ ਪ੍ਰਸੋਤਮ ਸਿੰਘ ਫਗੂਵਾਲਾ ਦੀ ਹਿਮਾਇਤ ਵਿਚ ਪੰਜਾਬ ਭਰ ਦੇ ਆਦਰਸ਼ ਸਕੂਲਾਂ ਦੇ ਅਧਿਆਪਕ ਅਤੇ ਮਾਪੇ ਸ਼ਾਮਲ ਹੋਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ। ਅੱਜ ਇਥੇ ਸ਼ਹੀਦ ਭਗਤ ਸਿੰਘ ਚੌਕ ਵਿਚ ਹੜਤਾਲ ਦੇ ਸਮਰਥਨ ਵਿਚ ਪਹੁੰਚੇ ਐਫਸੀਐਸ ਆਦਰਸ਼ ਸਕੂਲ ਕਾਲੇਕੇ ਅਤੇ ਐਸਯੂਐਸ ਆਦਰਸ਼ ਸਕੂਲ ਭੁਪਾਲ ਕਲਾਂ (ਮਾਨਸਾ) ਦੇ ਅਧਿਆਪਕ ਗੁਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵੀਰ ਸਿੰਘ, ਸ਼ਵਦੀਪ ਸਿੰਘ, ਵਿਸ਼ਾਲ ਭੁਟੇਜਾ, ਮਨਦੀਪ ਕੌਰ, ਹਰਦੀਪ ਕੌਰ, ਪੂਜਾ ਸ਼ਰਮਾ, ਕਿਰਨਦੀਪ ਕੌਰ, ਰੁਪਿੰਦਰ ਕੌਰ ਅਤੇ ਮੋਨਿਕਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਸਕੂਲਾਂ ਵਿਚ ਵੀ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਹੀ ਮਿਲ ਰਹੀਆਂ ਅਤੇ ਨਾ ਹੀ ਬਚਿਆਂ ਨੂੰ ਸਟੇਸ਼ਨਰੀ ਮਿਲਦੀ ਹੈ। ਮਨੇਜਮੈਂਟ ਦੀ ਵਿਦਿਆਰਥੀ ਵਿਰੋਧੀ ਨੀਤੀ ਕਾਰਨ ਅਜ ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਬਚਿਆਂ ਦਾ ਭਵਿਖ ਖਤਰੇ ਵਿਚ ਆ ਗਿਆ ਹੈ। ਐਫਸੀਐਸ ਸਕੂਲ ਬਾਲਦ ਖੁਰਦ ਦੇ ਅਧਿਆਪਕ ਆਗੂ ਸ੍ਰੀ ਅਤੁਲ ਗੁਪਤਾ ਨੇ ਕਿਹਾ ਕਿ 22 ਅਗਸਤ ਨੂੰ ਪੰਜਾਬ ਦੇ ਸਮੂਹ 26 ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਐਮਰਜੈਂਸੀ ਮੀਟਿੰਗ ਇਥੇ ਹੜਤਾਲ ਵਾਲੀ ਥਾਂ ਤੇ ਹੀ ਬੁਲਾਈ ਗਈ ਹੈ। ਇਸ ਮੀਟਿੰਗ ਵਿਚ ਡੀਜੀਐਸੀ ਚੰਡੀਗੜ ਵਲੋਂ 24 ਅਗਸਤ ਨੂੰ ਮਨੇਜਮੈਂਟਾਂ ਅਤੇ ਅਧਿਆਪਕਾਂ ਦੀ ਬੁਲਾਈ ਗਈ ਸਾਂਝੀ ਮੀਟਿੰਗ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਜਥੇਦਾਰ ਫਗੂਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਲੜਾਈ ਹੁਣ ਆਰ ਜਾਂ ਪਾਰ ਦੀ ਬਣ ਗਈ ਹੈ, ਜਦੋਂ ਤਕ ਇਨ੍ਹਾਂ ਸਕੂਲਾਂ ਵਿਚ ਪੜਦੇ ਬਚਿਆਂ ਅਤੇ ਅਧਿਆਪਕਾਂ ਦੇ ਭਵਿਖ ਬਚਾਉਣ ਲਈ ਸਰਕਾਰ ਵਲੋਂ ਕੋਈ ਠੋਸ ਕਦਮ ਨਹੀ ਉਠਾਇਆ ਜਾਂਦਾ ਉਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ। ਜਥੇਦਾਰ ਫਗੂਵਾਲਾ ਵਲੋਂ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਸ਼ੁਰੂ ਕੀਤੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਨਿਰੋਲ ਸਮਾਜ ਸੇਵਾ ਦਾ ਪਵਿਤਰ ਕਾਰਜ ਹੈ। ਉਨ੍ਹਾਂ ਕਿਹਾ ਕਿ ਜੋ ਮਾਪੇ ਆਪਣੇ ਬਚੇ ਇੰਗਲਿਸ਼ ਮੀਡੀਅਮ ਨਾਲ ਪੜਾਈ ਕਰਨ ਲਈ ਨਿਜੀ ਸਕੂਲਾਂ ਦੀਆਂ ਮੋਟੀਆਂ ਫੀਸਾਂ ਨਹੀ ਭਰ ਸਕਦੇ। ਉਨ੍ਹਾਂ ਲਈ ਇਹ ਸਕੂਲ ਮੁਫ਼ਤ ਵਿਚ ਸਹੂਲਤ ਮੁਹਈਆ ਕਰਦੇ ਸਨ। ਪਰ ਮਨੇਜਮੈਂਟ ਅਤੇ ਸਰਕਾਰ ਦੀ ਬੇਰੁਖੀ ਕਾਰਣ ਇਹ ਸਕੂਲ ਬੰਦ ਹੋਣ ਜਾ ਰਹੇ ਹਨ। ਧਰਨੇ ਵਿਚ ਹਰਭਜਨ ਹੈਪੀ,ਬਿਕਰ ਸਿੰਘ ਔਲਖ,ਮੰਗਲ ਢਿਲੋਂ ਅਤੇ ਹਾਕਮ ਸਿੰਘ ਬਾਲਦ ਸਮੇਤ ਕਾਫੀ ਗਿਣਤੀ ਵਾਚ ਲੋਕ ਹਾਜਰ ਸਨ।