ਇਟਲੀ, 27 ਅਕਤੂਬਰ (ਬਲਵਿੰਦਰ ਸਿੰਘ ਚਾਹਲ)-ਨਵੰਬਰ 1984 ਦੌਰਾਨ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ ਜਿਸ ਨੂੰ ਸਿੱਖ ਵਿਰੋਧੀ ਦੰਗਿਆਂ ਦਾ ਨਾਂਅ ਦੇ ਕੇ ਪੀੜਤਾਂ ਨਾਲ ਅਤੇ ਇਨਸਾਫ਼ ਨਾਲ ਵੀ ਮਜ਼ਾਕ ਕੀਤਾ ਜਾਂਦਾ ਰਿਹਾ ਹੈ ਜੋ ਅਜੇ ਵੀ ਜਾਰੀ ਹੈ। ਇਸ ਨਸਲਕੁਸ਼ੀ ਨੂੰ ਅਸਲੀ ਅਰਥਾਂ ਵਿੱਚ ਨਸਲਕੁਸ਼ੀ ਦਾ ਨਾਂ ਦੇਣ ਲਈ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਯੂ ਐਨ À ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਇਸ ਨਸਲਕੁਸ਼ੀ ਦੀ ਪਟੀਸ਼ਨ ਦਾਇਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਹੁਕਮਨਾਮਾ ਜਾਰੀ ਹੋਇਆ ਸੀ। ਜਿਸ ਵਿੱਚ ਦੱਸ ਲੱਖੀ ਦਸਤਖ਼ਤ ਮਹਿੰਮ ਸ਼ੁਰੂ ਕੀਤੀ ਗਈ ਸੀ। ਉਸੇ ਲਈ ਸਾਰੇ ਵਿਸ਼ਵ ਦੇ ਸਿੱਖ ਜਨੇਵਾ ਵਿੱਚ ਪੁੱਜ ਰਹੇ ਹਨ ਅਤੇ ਪਟੀਸ਼ਨ ਦਾਇਰ ਕਰਨ ਸਮੇਂ ਹਾਜ਼ਰ ਹੋਣਗੇ। ਯੂਰਪ ਤੋਂ ਇਲਾਵਾ ਦੁਨੀਆਂ ਦੇ ਹੋਰ ਮੁਲਕਾਂ ਤੋਂ ਵੀ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਪੁੱਜ ਰਹੀਆਂ ਹਨ। ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਪੁੱਜਣ ਵਾਲੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਕਾਲੀਆਂ ਦਸਤਾਰਾਂ ਸਜਾ ਕੇ ਆਉਣ ਦੀ ਬੇਨਤੀ ਕੀਤੀ ਜਾਂਦੀ ਹੈ। ਕਿਉਂਕਿ ਕਾਲਾ ਰੰਗ ਰੋਸ ਪ੍ਰਗਟ ਕਰਨ ਦਾ ਰੰਗ ਹੈ। ਦੱਸਣਯੋਗ ਹੈ ਕਿ 1920 ਤੋਂ ਬਾਅਦ ਸਿੱਖਾਂ ਨੇ ਜਦੋਂ ਗੁਰਦਵਾਰਾ ਸੁਧਾਰ ਲਹਿਰ ਚਲਾਈ ਸੀ ਤਾਂ ਸ਼ਾਂਤਮਈ ਮੋਰਚਿਆਂ ਵਿੱਚ ਸਦਾ ਹੀ ਸਿੱਖ ਕਾਲੀਆਂ ਦਸਤਾਰਾਂ ਸਜਾ ਕੇ ਹਿੱਸਾ ਲਿਆ ਕਰਦੇ ਸਨ। ਜਿਸਦਾ ਭਾਵ ਹਰ ਇਨਸਾਨ ਸਮਝ ਸਕਦਾ ਹੈ ਕਿ ਇਹ ਸਭ ਲੋਕ ਰੋਸ ਪਰਦਰਸ਼ਨ ਕਰਨ ਆਏ ਹਨ। ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸਵਿਸ ਤੋਂ ਸਹਿਯੋਗ ਦੇਣ ਵਾਲਿਆਂ ਵਿੱਚ ਗੁਰਦਵਾਰਾ ਸਿੰਘ ਸਭਾ ਲਾਗਨਥਾਲ (ਸਵਿਸ) ਅਤੇ ਮਾਰ ਮੂਵਮੈਂਟ ਦਾ ਨਾਂ ਮੁੱਖ ਹੈ।