ਤਰਨਤਾਰਨ, 27 ਅਕਤੂਬਰ (ਹਰਨੇਕ ਸਿੰਘ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ 12,581 ਪਿੰਡਾਂ ਵਿਚ ਦਸੰਬਰ 2014 ਤੱਕ ਪੀਣਯੋਗ ਸਾਫ ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ ਅਤੇ ਸਾਲ 2013-14 ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਇਕ ਹਜ਼ਾਰ ਦੇ ਕਰੀਬ ਹੋਰ ਆਰ. ਓ. ਪਲਾਂਟ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਪ੍ਰੋ. ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ ਪੇਂਡੂ ਜਲ ਸਪਲਾਈ, ਸੈਨੀਟੇਸ਼ਨ ਅਤੇ ਰੱਖਿਆ ਸੇਵਾਵਾਂ ਭਲਾਈ ਪੰਜਾਬ ਨੇ ਕਰਦਿਆਂ ਦੱਸਿਆ ਕਿ ਪੰਜਾਬ ਵਿਚ 581 ਵਾਟਰ ਸਪਲਾਈ ਸਕੀਮਾਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੱਕ ਪੰਜਾਬ ਦੇ 1809 ਪਿੰਡਾਂ ਵਿਚ 216.56 ਕਰੋੜ ਰੁਪਏ ਖਰਚ ਕੇ ਆਰ.ਓ. ਪਲਾਂਟ ਲਗਾਏ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 86.70 ਕਰੋੜ ਦੀ ਲਾਗਤ ਨਾਲ 565 ਪਿੰਡਾਂ ਵਿਚ ਲਗਾਏ ਜਾਣ ਵਾਲੇ ਆਰ.ਓ. ਪਲਾਂਟਾ ਦਾ ਪ੍ਰੋਜੈਕਟ ਨਬਾਰਡ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ 400 ਹੋਰ ਆਰ.ਓ. ਪਲਾਂਟ ਚਾਲੂ ਮਾਲੀ ਸਾਲ ਦੌਰਾਨ ਕੌਮੀ ਪੇਂਡੂ ਜਲ ਸਪਲਾਈ ਪ੍ਰੋਗਰਾਮ ਅਧੀਨ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 16,032 ਸਕੂਲਾਂ ਵਿਚ ਪਖਾਨੇ ਤੇ ਪੀਣਯੋਗ ਪਾਣੀ ਦੀ ਸਹੂਲਤ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਹੋਰ 45 ਸਕੂਲਾਂ ਵਿਚ ਪੀਣਯੋਗ ਪਾਣੀ ਤੇ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਪ੍ਰੋ. ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਾਤਾਵਰਨ ਨੂੰ ਗੰਦਗੀ ਮੁਕਤ ਕਰਨ ਵਾਸਤੇ ਪੰਜਾਬ ਦੇ 166 ਪਿੰਡਾਂ ਨੂੰ ਪਹਿਲਾਂ ਹੀ ਦੇਸ਼ ਦੇ ਰਾਸ਼ਟਰਪਤੀ ਵੱਲੋਂ ਨਿਰਮਲ ਗ੍ਰਾਮ ਐਵਾਰਡ ਦਿੱਤਾ ਜਾ ਚੁੱਕਾ ਹੈ ਅਤੇ 562 ਹੋਰ ਪਿੰਡਾਂ ਵਿਚ ਵੱਸਦੇ ਸਮੂਹ ਲੋਕਾਂ ਲਈ ਪਖਾਨਾ ਸਹੂਲਤ ਪ੍ਰਦਾਨ ਕਰਕੇ ਨਿਰਮਲ ਗ੍ਰਾਮ ਘੋਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ 190 ਪਿੰਡਾਂ ਦੇ ਵੱਡੇ ਛੱਪੜਾਂ ਵਿਚੋਂ 150 ਪਿੰਡਾਂ ਦੇ ਛੱਪੜਾਂ ਨੂੰ ਵਿਕਸਿਤ ਕੀਤਾ ਜਾ ਚੁੱਕਾ ਹੈ ਅਤੇ ਚਾਲੂ ਮਾਲੀ ਸਾਲ ਦੇ ਅਖੀਰ ਤੱਕ ਰਹਿੰਦੇ 40 ਛੱਪੜਾਂ ਨੂੰ ਵੀ ਵਿਕਸਿਤ ਕਰਕੇ ਮੱਛੀ ਪਾਲਣਯੋਗ ਬਣਾਇਆ ਜਾਵੇਗਾ ਤਾਂ ਜੋ ਪੰਚਾਇਤਾਂ ਦੀ ਆਮਦਨ ਦੇ ਸਰੋਤ ਵਿਚ ਵਾਧਾ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋ. ਵਲਟੋਹਾ ਨੇ ਅੱਗੇ ਦੱਸਿਆ ਕਿ 4.31 ਕਰੋੜ ਰੁਪਏ ਖਰਚ ਕੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਪਾਣੀ ਟੈਸਟ ਕਰਨ ਦੀ ਇਕ ਅੱਤਆਧੁਨਿਕ ਲੈਬਾਰਟਰੀ ਸਥਾਪਿਤ ਕੀਤੀ ਜਾ ਰਹੀ ਹੈ, ਜਿਸਦੀ ਬਿਲਡਿੰਗ ਉਸਾਰੀ ਅਧੀਨ ਹੈ ਅਤੇ ਲੈਬਾਰਟਰੀ ਲਈ ਲੋੜੀਂਦਾ ਸਾਜੋ ਸਮਾਨ ਖ੍ਰੀਦ ਕਰਨ ਦੀ ਪ੍ਰੀਕਿਰਿਆ ਵੀ ਚੱਲ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ 81 ਪਿੰਡਾਂ ਨੂੰ ਸੀਵਰੇਜ ਸਹੂਲਤਾਂ ਮੁਹੱਈਆ ਕੀਤੀਆਂ ਜਾ ਚੁੱਕੀਆਂ ਹਨ ਅਤੇ ਦਸੰਬਰ 2014 ਤੱਕ ਹੋਰ ਪਿੰਡਾਂ ਨੂੰ ਸੀਵਰੇਜ਼ ਸਹੂਲਤਾਂ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਹੈ।