ਲੀਮਾ (ਪੇਰੂ), 27 ਅਕਤੂਬਰ (ਪੀ. ਟੀ. )-ਲਤੀਨੀ ਅਮਰੀਕਾ ਨਾਲ ਸਬੰਧ ਹੋਰ ਗੂੜ੍ਹੇ ਕਰਨ ਦੇ ਮੰਤਵ ਨੂੰ ਲੈ ਕੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅੱਜ ਪੇਰੂ ਪੁੱਜ ਗਏ ਹਨ। ਉਹ ਪਹਿਲੇ ਭਾਰਤੀ ਉਪ ਰਾਸ਼ਟਰਪਤੀ ਹਨ ਜੋ ਪੇਰੂ ਆਏ ਹਨ। ਉਨ੍ਹਾਂ ਦੀ ਤਿੰਨ ਦਿਨਾ ਫੇਰੀ ਦੌਰਾਨ ਸਾਂਝਾ ਕਮਿਸ਼ਨ ਗਠਿਤ ਕਰਨ ਅਤੇ ਸਭਿਆਚਾਰਕ ਖੇਤਰ ਤੋਂ ਇਲਾਵਾ ਹੋਰ ਕਈ ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣਗੇ। ਦੋਪੱਖੀ ਤਰੱਕੀ ਅਤੇ ਰੱਖਿਆ ਸਮਝੌਤਿਆਂ ਬਾਰੇ ਵੀ ਗੱਲਬਾਤ ਦਾ ਆਖਰੀ ਦੌਰ ਪੂਰਾ ਕਰ ਲਿਆ ਜਾਵੇਗਾ। ਖਣਿਜਾਂ ਅਤੇ ਹਾਈਡਰੋਕਾਰਬਨ ਦੇ ਭੰਡਾਰਾਂ ਵਾਲੇ ਇਸ ਦੇਸ਼ ਨਾਲ ਭਾਰਤ ਵਪਾਰ ਅਤੇ ਨਿਵੇਸ਼ ਨੂੰ ਹੋਰ ਬੜਾਵਾ ਦੇਣ ਦਾ ਚਾਹਵਾਨ ਹੈ। ਸਾਲ 2012 ਦੌਰਾਨ ਭਾਰਤ ਅਤੇ ਪੇਰੂ ਵਿਚਾਲੇ 1.6 ਅਰਬ ਅਮਰੀਕੀ ਡਾਲਰ ਦਾ ਦੋਪੱਖੀ ਵਪਾਰ ਹੋਇਆ ਸੀ। ਭਾਰਤ ਦੀ ਪੇਰੂ ਨਾਲ ਸਾਂਝ ਦੇ 50 ਸਾਲ ਪੂਰੇ ਹੋਣ ਮੌਕੇ ਉਪ ਰਾਸ਼ਟਰਪਤੀ ਇਥੇ ਦੌਰੇ ‘ਤੇ ਆਏ ਹਨ। ਸ੍ਰੀ ਅੰਸਾਰੀ ਨੇ ਇਸ ਮੌਕੇ ਭਾਰਤੀ ਮੇਲੇ ਦਾ ਉਦਘਾਟਨ ਕੀਤਾ ਜੋ ਕਿ 31 ਅਕਤੂਬਰ ਤੱਕ ਜਾਰੀ ਰਹੇਗਾ, ਇਸ ਮੌਕੇ ਉਨ੍ਹਾਂ ਦੇ ਨਾਲ ਪੇਰੂ ਦੇ ਉਪ ਰਾਸ਼ਟਰਪਤੀ ਮਾਰੀਸੋਲ ਏਸਪੀਨੋਜ਼ਾ ਕਰੂਜ਼ ਵੀ ਹਾਜਰ ਸਨ। ਉਹ ਪੇਰੂ ਦੇ ਵਿਦੇਸ਼ ਮੰਤਰੀ, ਵਣਜ ਮੰਤਰੀ ਅਤੇ ਸੈਰ ਸਪਾਟਾ ਮੰਤਰੀਆਂ ਤੋਂ ਇਲਾਵਾ ਰਾਸ਼ਟਰਪਤੀ ਓਲਾਨਤਾ ਹੁਮਾਲਾ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਕਿਊਬਾ ਵੀ ਜਾਣਗੇ।