ਟੋਕਿਓ, 27 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਜਾਪਾਨ ਨੇ ਕਿਹਾ ਹੈ ਕਿ ਏਸ਼ੀਆ ‘ਚ ਚੀਨ ਦੀ ਵੱਧਦੀ ਤਾਕਤ ਦੇ ਖਿਲਾਫ ਜਾਪਾਨ ਮਜ਼ਬੂਤੀ ਨਾਲ ਖੜ੍ਹਾ ਹੋਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਕ ਇੰਟਰਵਿਉ ‘ਚ ਕਿਹਾ ਕਿ ਏਸ਼ੀਆ ਖੇਤਰ ਵਿੱਚ ਚੀਨ ਦੇ ਸੁਰ ਕੁਝ ਜ਼ਿਆਦਾ ਹੀ ਤੇਜ਼ ਹੁੰਦੇ ਜਾ ਰਹੇ ਹਨ। ਵਿਵਾਦਤ ਥਾਵਾਂ ‘ਤੇ ਕਿਸੀ ਕਾਨੂੰਨੀ ਪ੍ਰਕਿਰਿਆ ਦੀ ਥਾਂ ਉਹ ਬਲ ਪ੍ਰਯੋਗ ਦੇ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ਾਂ ‘ਚ ਲੱਗਾ ਹੈ।

ਪਿਛਲੇ ਕੁਝ ਸਾਲਾਂ ‘ਚ ਚੀਨ ਅਤੇ ਜਾਪਾਨ ਦੇ ਸੰਬੰਧਾਂ ‘ਚ ਕਾਫੀ ਤਲਖੀ ਆਈ ਹੈ। ਪੂਰਬੀ ਚੀਨ ਸਾਗਰ ‘ਚ ਕੁਝ ਵਿਵਾਦਿਤ ਟਾਪੂਆਂ ਤੇ ਚੀਨ, ਜਾਪਾਨ ਅਤੇ ਤਾਈਵਾਨ ਆਪਣੀ ਆਪਣੀ ਦਾਵੇਦਾਰੀ ਪੇਸ਼ ਕਰਦੇ ਹਨ। ਪੂਰਬੀ ਅਤੇ ਦੱਖਣੀ ਚੀਨ ਸਾਗਰ ‘ਚ ਚੀਨ ਦਾ ਕਈ ਹੋਰ ਸਰਹੱਦੀ ਦੇਸ਼ਾਂ ਨਾਲ ਵੀ ਵਿਵਾਦ ਚੱਲ ਰਿਹਾ ਹੈ। ਪੂਰਬੀ ਚੀਨ ਸਾਗਰ ਵਿੱਚ ਵਿਵਾਦਤ ਟਾਪੂਆਂ ‘ਤੇ ਕਾਨੂੰਨੀ ਰੂਪ ਨਾਲ ਜਾਪਾਨ ਦਾ ਕੰਟਰੋਲ ਹੈ ਪਰ ਚੀਨ ਵੀ ਇੱਥੇ ਆਪਣੀ ਦਾਅਵੇਦਾਰੀ ਪੇਸ਼ ਕਰਦਾ ਹੈ। ਪਿਛਲੇ ਦਿਨਾਂ ‘ਚ ਦੋਹਾਂ ਦੇਸ਼ਾਂ ਵਿੱਚ ਇਹ ਵਿਵਾਦ ਕਾਫੀ ਵੱਧ ਗਿਆ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਆਸਮਾਨੀ ਸਰਹੱਦ ‘ਚ ਕਿਸੇ ਤਰ੍ਹਾਂ ਦੀ ਘੁਸਪੈਠ ਕਰਨ ਵਾਲੇ ਚੀਨ ਦੇ ਪਾਇਲਟ ਡਰੋਨ ਜਹਾਜ਼ਾਂ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਚੀਨ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਸੀ ਕਿ ਜੇਕਰ ਜਾਪਾਨ ਅਜਿਹੀ ਕੋਈ ਕਾਰਵਾਈ ਨੂੰ ਅੰਜ਼ਾਮ ਦਿੰਦਾ ਹੈ ਤਾਂ ਚੀਨ ਇਸ ਨੂੰ ਆਪਣੇ ਖਿਲਾਫ ਜੰਗ ਵਰਗੀ ਕਾਰਵਾਈ ਦੇ ਤੌਰ ‘ਤੇ ਦੇਖੇਗਾ। ਸ੍ਰੀ ਆਬੇ ਨੇ ਕਿਸੇ ਦੇਸ਼ ਦਾ ਨਾ ਲਏ ਬਿਨ੍ਹਾ ਕਿਹਾ ਕਿ ਦੂਜੇ ਦੇਸ਼ ਚਾਹੁੰਦੇ ਹਨ ਕਿ ਚੀਨ ਦੀ ਉਕਸਾਵੇ ਦੀਆਂ ਨੀਤੀਆਂ ਦੇ ਵਿਰੋਧ ‘ਚ ਜਾਪਾਨ ਖੜ੍ਹਾ ਹੋਵੇ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੇ ਆਰਥਕ ਅਤੇ ਸਿਆਸੀ ਰੂਪ ਤੋਂ ਤਾਕਤਵਰ ਬਣਨ ਨਾਲ ਦੋਹਾਂ ਦੇਸ਼ਾਂ ਦੇ ਵਿਚ ਸੰਬੰਧਾਂ ‘ਚ ਤਲਖੀ ਹੋਪ ਵੱਧੀ ਹੈ।