June 23, 2026 5:30 am

ਕਰੋੜਾਂ ਦੀ ਪ੍ਰਾਪਰਟੀ ਦਾ ਸੌਦਾ ਕਰਨ ਗਏ ਤਿੰਨ ਪੰਜਾਬੀ ਹਾਂਗਕਾਂਗ ‘ਚ ਅਗਵਾ : 15 ਕਰੋੜ ਦੀ ਫਿਰੌਤੀ ਮੰਗੀ

ਮਾਛੀਵਾੜਾ ਸਾਹਿਬ 27 ਅਕਤੂਬਰ (ਕਰਮਜੀਤ ਸਿੰਘ ਆਜ਼ਾਦ)-ਲੁਧਿਆਣਾ ਵਿਖੇ ਜਗਰਾਓਂ ਪੁਲ ਨੇੜੇ ਸਥਿਤ ਇੱਕ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਹਾਂਗਕਾਂਗ ਵਿਖੇ ਇੱਕ ਕੰਪਨੀ ਨਾਲ ਸੌਦਾ ਕਰਨ ਗਏ ਮਾਛੀਵਾੜਾ ਦੇ ਅਕਾਲੀ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ, ਲਾਂਡਰਾ ਦਾ ਐਡਵੋਕੇਟ ਗੁਰਿੰਦਰ ਸਿੰਘ ਢਿੱਲੋਂ ਤੇ ਆਈ.ਐਨ.ਜੀ. ਬੈਂਕ ਦਾ ਮੈਨੇਜਰ ਸਤਵਿੰਦਰ ਸਿੰਘ ਮਾਵੀ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਉਥੋਂ ਫੋਨ ਰਾਹੀਂ ਇਨਾਂ ਨੂੰ ਛਡਾਉਣ ਬਦਲੇ 15 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਚਰਚਾ ਵਿਚ ਆਇਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ ਦੀ ਲੁਧਿਆਣਾ ਦੇ ਜਗਰਾਓਂ ਪੁਲ ਨੇੜੇ ਪਰਿਵਾਰਕ ਕਰੋੜਾਂ ਦੀ ਜਾਇਦਾਦ ਹੈ ਜਿਸਦਾ ਇੱਕ ਪੰਜਾਬ ਦੇ ਪ੍ਰਾਪਰਟੀ ਡੀਲਰ ਰਾਹੀਂ ਹਾਂਗਕਾਂਗ ਦੀ ਇੱਕ ਕੰਪਨੀ ਨਾਲ 10 ਕਰੋੜ 90 ਲੱਖ ਵਿਚ ਸੌਦਾ ਤੈਅ ਹੋ ਗਿਆ। ਹਾਂਗਕਾਂਗ ਦੀ ਕੰਪਨੀ ਨੇ ਕਰੀਬ 15 ਦਿਨ ਪਹਿਲਾਂ ਸਾਢੇ ਛੇ-ਛੇ ਲੱਖ ਦੇ ਦੋ ਚੈੱਕ ਉਨਾਂ ਦੇ ਬੈਂਕ ਅਕਾਊਂਟ ਵਿਚ ਪਾ ਦੇਣ ਦੀ ਗੱਲ ਕੀਤੀ ਤੇ ਉਸਦੀ ਰਸੀਦਾਂ ਦੀਆਂ ਕਾਪੀਆਂ ਵੀ ਭੇਜ ਦਿੱਤੀਆਂ ਪਰ ਜਦੋਂ ਇਹ ਪੈਸਾ ਖਾਤੇ ਵਿਚ ਨਾ ਪੁੱਜਿਆ ਤਾਂ ਵਿਚਲੇ ਪ੍ਰਾਪਰਟੀ ਡੀਲਰ ਨੇ ਜਥੇਦਾਰ ਮਨਮੋਹਣ ਸਿੰਘ  ਖੇੜਾ ਨੂੰ ਕੰਪਨੀ ਦੇ ਮਾਲਕਾਂ ਨਾਲ ਸਿੱਧੇ ਤੌਰ ਤੇ ਹਾਂਗਕਾਂਗ ਮਿਲਣ ਲਈ ਬੁਲਾਇਆ ਜਿੱਥੇ ਸੌਦੇ ਦਾ ਨਿਪਟਾਰਾ ਹੋ ਸਕੇ। ਅਕਾਲੀ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ ਆਪਣੇ ਨਾਲ ਲਾਂਡਰਾ ਦੇ ਐਡਵੋਕੇਟ ਗੁਰਿੰਦਰ ਸਿੰਘ ਢਿੱਲੋਂ ਅਤੇ ਆਈ.ਐਨ.ਜੀ ਬੈਂਕ ਦੇ ਮੈਨੇਜਰ ਸਤਵਿੰਦਰ ਸਿੰਘ ਮਾਵੀ ਨੂੰ ਨਾਲ ਲੈ ਕੇ ਇਸ ਸੌਦੇ ਨੂੰ ਫਾਈਨਲ ਕਰਨ ਲਈ ਹਾਂਗਕਾਂਗ ਚਲੇ ਗਏ ਪਰ ਕੱਲ੍ਹ ਸਵੇਰੇ ਉਥੋਂ ਜਥੇਦਾਰ ਮਨਮੋਹਣ ਸਿੰਘ ਖੇੜਾ ਨੇ ਫੋਨ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਨਾਂ ਨੂੰ ਸੌਦਾ ਕਰਨ ਵਾਲਿਆਂ ਨੇ ਅਗਵਾ ਕਰ ਲਿਆ ਹੈ ਜਿਸਦੇ ਬਦਲੇ ਉਹ 15 ਕਰੋੜ ਰੁਪਏ ਮੰਗ ਰਹੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਵਾਕਾਰਾਂ ਦਾ ਕਹਿਣਾ ਹੈ ਕਿ ਉਨਾ ਨੇ ਇਸ ਪ੍ਰਾਪਰਟੀ ਬਦਲੇ ਚੰਡੀਗੜ੍ਹ ਦੇ ਇੱਕ ਮਨੀਚੇਂਜਰ ਰਾਹੀਂ 26 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਜਦਕਿ ਸੌਦਾ 10 ਕਰੋੜ 90 ਲੱਖ ਦਾ ਹੋਇਆ ਹੈ ਇਸ ਲਈ ਬਕਾਇਆ 15 ਕਰੋੜ ਰੁਪਏ ਉਨਾਂ ਨੂੰ ਵਾਪਿਸ ਕੀਤੇ ਜਾਣ ਤਾਂ ਹੀ ਉਹ ਇਨਾਂ ਤਿੰਨਾਂ ਨੂੰ ਛੱਡਣਗੇ। ਜਦਕਿ ਅਗਵਾਕਾਰਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਮਨੀਚੇਂਜਰ ਨਾਲ ਵੀ ਰਾਬਤਾ ਕਾਇਮ ਕੀਤਾ ਤੇ ਉਸਨੇ ਸਾਫ ਇਨਕਾਰ ਕੀਤਾ ਕਿ ਉਸ ਕੋਲ ਐਨੀ ਵੱਡੀ ਰਕਮ ਦੀ ਹਾਂਗਕਾਂਗ ਤੋਂ ਕੋਈ ਵੀ ਆਦਾਨ ਪ੍ਰਦਾਨ ਨਹੀਂ ਹੋਇਆ। ਪਰ ਅੱਜ ਸਵੇਰ ਤੋਂ  ਲੈ ਕੇ ਸ਼ਾਮ ਤੱਕ ਜਥੇਦਾਰ ਮਨਮੋਹਣ ਸਿੰਘ ਖੇੜਾ ਦੇ ਪਰਿਵਾਰਕ ਮੈਂਬਰਾਂ ਦੀ ਹਾਂਗਕਾਂਗ ਵਿਖੇ ਅਗਵਾਕਾਰਾਂ ਨਾਲ ਗੱਲਬਾਤ ਚੱਲਦੀ ਰਹੀ ਤੇ ਅਖੀਰ ਵਿਚ ਉਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨਾਂ ਨੇ 15 ਕਰੋੜ ਰੁਪਏ ਨਾ ਦਿੱਤੇ ਤਾਂ ਅਗਵਾ ਵਿਅਕਤੀਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਜਥੇਦਾਰ ਮਨਮੋਹਣ ਸਿੰਘ ਖੇੜਾ ਦੇ ਪਰਿਵਾਰਕ ਮੈਂਬਰਾਂ ਨੇ ਇਹ ਸਾਰਾ ਮਾਮਲਾ ਸਮਰਾਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਕਿਉਂਕਿ ਇਸ ਕਰੋੜਾਂ ਦੀ ਪ੍ਰਾਪਰਟੀ ਦੇ ਸੌਦੇ ਨੂੰ ਕਰਵਾਉਣ ਵਿਚ ਸਮਰਾਲਾ ਦੇ ਵੀ ਇੱਕ ਦੋ ਪ੍ਰਾਪਰਟੀ ਡੀਲਰਾਂ ਦੀ ਸ਼ਮੂਲੀਅਤ ਦੱਸੀ ਜਾਂਦੀ ਹੈ। ਪੁਲਸ ਲਈ ਵੀ ਇਹ ਮਾਮਲਾ ਬੁਝਾਰਤ ਬਣਿਆ ਹੋਇਆ ਹੈ ਕਿ ਜੇਕਰ ਹਾਂਗਕਾਂਗ ਤੋਂ ਇਸ ਪ੍ਰਾਪਰਟੀ ਬਦਲੇ 26 ਕਰੋੜ ਰੁਪਏ ਭਾਰਤ ਆਏ ਹੀ ਨਹੀਂ ਤਾਂ ਅਗਵਾਕਾਰ ਵਾਧੂ 15 ਕਰੋੜ ਕਿਉਂ ਮੰਗ ਰਹੇ ਹਨ। ਸਮਰਾਲਾ ਪੁਲਸ ਦੇ ਉਚ ਅਧਿਕਾਰੀ ਅੱਜ ਸਾਰਾ ਦਿਨ ਇਸ ਮਾਮਲੇ ਦੀ ਜਾਂਚ ਕਰਨ ਵਿਚ ਜੁਟੇ ਰਹੇ ਤੇ ਉਹ ਇਸ ਅਗਵਾ ਮਾਮਲੇ ਸਬੰਧੀ ਕੋਈ ਵੀ ਪੂਰੀ ਜਾਣਕਾਰੀ ਦੇਣ ਤੋਂ ਟਾਲਾ ਵੱਟਦੇ ਰਹੇ। ਇਸ ਤੋਂ ਇਲਾਵਾ ਪੁਲਸ ਨੇ ਇਸ ਅਗਵਾ ਦੇ ਮਾਮਲੇ ਵਿਚ ਦੋ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੋਇਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮਾਛੀਵਾੜਾ ਦੇ ਅਕਾਲੀ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ ਦੇ ਪਰਿਵਾਰਕ ਮੈਂਬਰ ਉਨਾਂ ਕੋਲ ਅਗਵਾ ਹੋਣ ਤੇ ਫਿਰੌਤੀ ਮੰਗਣ ਦੀ ਸ਼ਿਕਾਇਤ ਲੈ ਕੇ ਜਰੂਰ ਆਏ ਹਨ ਤੇ ਪੁਲਸ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਕਰ ਸਕੇਗੀ ਜਦਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਂਗਕਾਂਗ ਵਿਖੇ ਜਥੇਦਾਰ ਮਨਮੋਹਣ ਸਿੰਘ ਖੇੜਾ, ਐਡਵੋਕੇਟ ਗੁਰਿੰਦਰ ਸਿੰਘ ਢਿੱਲੋਂ ਤੇ ਬੈਂਕ ਮੈਨੇਜਰ ਸਤਵਿੰਦਰ ਸਿੰਘ ਮਾਵੀ ਨੂੰ ਜਿਨਾਂ ਨੇ ਅਗਵਾ ਕੀਤਾ ਹੋਇਆ ਹੈ ਉਨਾਂ ਵਿਚ ਦੋ ਪੰਜਾਬੀ ਜਦਕਿ ਦੋ ਪਾਕਿਸਤਾਨ ਦੇ ਨਾਗਰਿਕ ਹਨ। ਇਲਾਕੇ ਵਿਚ ਇਸ ਅਗਵਾ ਮਾਮਲੇ ਦੀ ਅੱਜ ਸਾਰਾ ਦਿਨ ਚਰਚਾ ਛਿੜੀ ਰਹੀ।

Send this to a friend