June 23, 2026 3:53 am

ਮੁੰਬਈ ਹਮਲਾ ਕਸ਼ਮੀਰ ਅਤੇ ਅਫਗਾਨਿਸਤਾਨ ‘ਚ ਵਾਪਰੇ ਘਟਨਾਚੱਕਰਾਂ ਦਾ ਬਦਲਾ ਸੀ : ਹੈਡਲੀ

ਨਵੀਂ ਦਿੱਲੀ, 27 ਅਕਤੂਬਰ (ਪੀ.ਟੀ.)-ਸਾਲ 2008 ਦੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨੀ ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਨੇ ਆਪਣੇ ਸਕੂਲ ਦੇ ਦਿਨਾਂ ਦੇ ਸਾਥੀਆਂ ਨੂੰ ਕਿਹਾ ਸੀ ਕਿ ਇਹ ਹਮਲਾ ਕਸ਼ਮੀਰ ਅਤੇ ਅਫਗਾਨਿਸਤਾਨ ਵਿਚ ਵਾਪਰੇ ਘਟਨਾਚੱਕਰਾਂ ਦੇ ਬਦਲੇ ਦੀ ਕਾਰਵਾਈ ਸੀ। ਇਹ ਦਾਅਵਾ ਇਕ ਡੈਨਿਸ਼ ਪੱਤਰਕਾਰ ਕਾਰੇ ਸੋਰੇਨਸੇਨ ਦੀ ਨਵੀਂ ਕਿਤਾਬ ਵਿਚ ਕੀਤਾ ਗਿਆ ਹੈ। ਕਾਰੇ ਨੇ ਕਿਹਾ ਹੈ ਕਿ ਭਾਰਤ ਦੀ ਰਾਜਧਾਨੀ ਵਿਚ ਲਸ਼ਕਰ-ਏ-ਤੋਇਬਾ ਦੇ ਮੈਂਬਰਾਂ ਵੱਲੋਂ ਕੀਤੇ ਗਏ ਹਮਲਿਆਂ ਤੋਂ ਇਕ ਹਫਤੇ ਬਾਅਦ ਹੈਡਲੀ ਨੇ ਆਪਣੇ ਕੈਡੇਟ ਕਾਲਜ ਹਸਨ ਅਬਦਾਲ ਦੇ ਸਾਬਕਾ ਵਿਦਿਆਰਥੀਆਂ ਨੂੰ ਈਮੇਲ ਰਾਂਹੀ ਜੋ ਸੰਦੇਸ਼ ਪਾਇਆ, ਉਸ ਤੋਂ ਸੰਕੇਤ ਮਿਲਦਾ ਹੈ ਕਿ ਉਸ ਨੂੰ ਇਸ ਹਮਲੇ ਦੀ ਅੰਦਰੂਨੀ ਜਾਣਕਾਰੀ ਸੀ। ਕਾਰੇ ਨੇ ਕਿਹਾ ਕਿ ਇਨ੍ਹਾਂ ਸੰਦੇਸ਼ਾਂ ਵਿਚ ਹੈਡਲੀ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਉਹ ਇਨ੍ਹਾਂ ਹਮਲਿਆਂ ਵਿਚ ਸਿੱਧੇ ਤੌਰ ‘ਤੇ ਸ਼ਾਮਲ ਸੀ ਪਰ ਉਸ ਨੇ ਅਜਿਹੇ ਸੰਕੇਤ ਦਿੱਤੇ ਸਨ ਕਿ ਉਸ ਕੋਲ ਜੋ ਜਾਣਕਾਰੀ ਹੈ ਉਹ ਦੂਜਿਆਂ ਕੋਲ ਨਹੀਂ ਸੀ। ਹਮਲਿਆਂ ਤੋਂ ਠੀਕ ਇਕ ਹਫਤੇ ਬਾਅਦ ‘ਅਬਦਾਲੀਅਨਜ਼ 7479 ਸਮੂਹ ਨੂੰ ਭੇਜੇ ਗਏ ਇਕ ਈਮੇਲ ਸੰਦੇਸ਼ ਵਿਚ ਹੈਡਲੀ ਨੇ ਸਾਫ ਕੀਤਾ ਸੀ ਕਿ ਮੁੰਬਈ ਹਮਲੇ ਨੂੰ ਅਫਗਾਨਿਸਤਾਨ ਵਿਚ ਵਿਦੇਸ਼ੀ ਬਲਾਂ ਅਤੇ ਜੰਮੂ-ਕਸ਼ਮੀਰ ਵਿਚ ਭਾਰਤੀ ਫੌਜੀਆਂ ਦੀ ਕਥਿਤ ਕਾਰਵਾਈ ਦੇ ਬਦਲੇ ਦੇ ਤੌਰ ‘ਤੇ ਅੰਜ਼ਾਮ ਦਿੱਤਾ ਗਿਆ ਸੀ।

Send this to a friend