ਬਟਾਲਾ/ਪੰਜਗਰਾਈਆਂ, 7 ਅਗਸਤ (ਅਰਵਿੰਦਰ ਮਠਾਰੂ, ਰਾਜੂ ਖਹਿਰਾ)- ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਪੰਜਗਰਾਈਆਂ ਦੇ ਏਟੀਐਮ ਵਿਖੇ ਕੋਈ ਸਕਿਊਰਿਟੀ ਗਾਰਡ ਨਾ ਹੋਣ ਕਾਰਨ ਅਣਪਛਾਤੇ ਲੁਟੇਰਿਆਂ ਵੱਲੋਂ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪਿੰਡ ਵਾਸੀਆਂ ਅਤੇ ਪੁਲਿਸ ਦੇ ਹਰਕਤ ਵਿੱਚ ਆਉਣ ਨਾਲ ਨਾਕਾਮ ਕਰ ਦਿੱਤਾ ਗਿਆ। ਪੁਲਿਸ ਦੇ ਦੱਸਣ ਮੁਤਾਬਿਕ ਇੰਡੀਗੋ ਕਾਰ ਵਿੱਚ ਸਵਾਰ ਲੁਟੇਰਾ ਗਿਰੋਹ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ’ਤੇ ਪੇਂਟ ਸਪਰੇਅ ਕਰਕੇ ਗੈਸ ਕਟਰ ਨਾਲ ਤਾਲੇ ਕੱਟ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਪਰ ਇੱਥੇ ਸਾਬਕਾ ਫੌਜੀ ਅਤੇ ਉਸ ਦੇ ਬੇਟੇ ਨੇ ਪੁਲਿਸ ਨੂੰ ਫੋਨ ’ਤੇ ਜਾਣਕਾਰੀ ਦੇ ਕੇ ਲੁਟੇਰਿਆਂ ’ਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ। ਜਿਸ ਦੇ ਚਲਦੇ ਲੁਟੇਰੇ ਗੱਡੀ ਵਿੱਚ ਸਵਾਰ ਹੋ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਚੌਂਕੀ ਇੰਚਾਰਜ ਬਲਜਿੰਦਰ ਸਿੰਘ ਬਾਜਵਾ ਨੇ ਲੁਟੇਰਿਆਂ ਦਾ ਪਿੱਛਾ ਕਰਨ ਉਪਰੰਤ ਆਪਣੇ ਕੰਟਰੋਲ ਰੂਮ ਨੂੰ ਰਾਤ ਦੇ ਸਮੇਂ ਹੀ ਜਾਣਕਾਰੀ ਦੇ ਦਿੱਤੀ।
ਚੌਕੀ ਇੰਚਾਰਜ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਆਸ ਪਾਸ ਦੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ। ਉਨ੍ਹਾਂ ਰਾਹੀਂ ਜੋ ਵੀ ਜਾਣਕਾਰੀ ਹਾਸਿਲ ਹੋਵੇਗੀ, ਉਹਦੇ ਆਧਾਰ ’ਤੇ ਅਸੀਂ ਦੋਸ਼ੀਆਂ ਤੱਕ ਪਹੁੰਚ ਕੇ ਬਣਦੀ ਕਾਰਵਾਈ ਕਰਾਂਗੇ। ਨਾਲ ਹੀ ਉਨ੍ਹਾਂ ਅੱਡੇ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਰਾਤ ਨੂੰ ਦੁਕਾਨਾਂ ਦੇ ਬਾਹਰ ਦੀਆਂ ਲਾਈਟਾਂ ਜਗਾ ਕੇ ਰੱਖਣ ਤੇ ਇੱਕ ਚੌਕੀਦਾਰ ਨਿਯੁਕਤ ਕੀਤਾ ਜਾਵੇ ਤਾਂ ਕਿ ਕੋਈ ਸ਼ਰਾਰਤੀ ਅਨਸਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਇਸ ਸਬੰਧੀ ਜਦੋਂ ਐਸਐਚਓ ਰੰਗੜ ਨੰਗਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਅਤੇ ਡੀਐਸਪੀ ਹਰੀ ਸ਼ਰਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਪੀਸੀਆਰ ਦਸਤੇ ਅਤੇ ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਰਾਤ ਦੀ ਗਸ਼ਤ ਤੇਜ਼ ਕਰ ਰਹੇ ਹਾਂ ਤਾਂ ਕਿ ਇਲਾਕੇ ਅੰਦਰ ਲੁਟੇਰਾ ਗਿਰੋਹ, ਗੈਂਗਸਟਰ ਅਤੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਈ ਜਾ ਸਕੇ।ਇਸ ਮੌਕੇ ਬੈਂਕ ਮੈਨੇਜਰ ਅਰਜਣ ਦਾਸ, ਸਰਪੰਚ ਨਿਰਮਲ ਸਿੰਘ ਪਰਮਜੀਤ ਸਿੰਘ ਬੰਟਾ ਬਾਜਵਾ, ਜਸਪਾਲ ਸਿੰਘ ਐਚਐਸ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਪੰਚ ਧਰਮਿੰਦਰ ਸਿੰਘ ਕਲੱਬ ਪ੍ਰਧਾਨ, ਅਵਤਾਰ ਸਿੰਘ, ਬਲਰਾਜ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।