ਮਿਡ ਡੇਅ ਮੀਲ ਸਕੀਮ ਦੇ ਕੁੱਕ-ਕਮ-ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਦਾ ਵਾਧਾ ਕੀਤਾ : ਅਰੁਨਾ ਚੌਧਰੀ

ਚੰਡੀਗੜ੍ਹ, 7 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਸੂਬਾ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਿਡ ਡੇਅ ਮੀਲ ਸਕੀਮ ਅਧੀਨ ਕੰਮ ਕਰਦੇ ਕੁੱਕ ਕਮ ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ 42647 ਕੁੱਕ ਕਮ ਹੈਲਪਰਾਂ ਨੂੰ ਜੁਲਾਈ ਮਹੀਨੇ ਦਾ ਵਧਿਆ ਹੋਇਆ ਮਾਣਭੱਤਾ ਦਿੱਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ ਗਿਆ ਹੈ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ 19 ਦਸੰਬਰ 2016 ਨੂੰ ਮਿਡ ਡੇਅ ਮਿਲ ਸਕੀਮ ਦੇ ਕੁੱਕ ਕਮ ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਵਾਧੇ ਦਾ ਫੈਸਲਾ ਕੀਤਾ ਗਿਆ ਸੀ ਪਰ ਇਸ ਨੂੰ ਲਾਗੂ ਕਰਨ ਲਈ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ ਜਿਸ ਨਾਲ ਕੁੱਕ ਕਮ ਹੈਲਪਰਾਂ ਨੂੰ ਪੁਰਾਣਾ ਮਾਣਭੱਤਾ 1200 ਰੁਪਏ ਪ੍ਰਤੀ ਮਹੀਨਾ ਹੀ ਮਿਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਜੀ ਵੱਲੋਂ ਮੁਲਾਜ਼ਮ ਤੇ ਲੋਕ ਪੱਖੀ ਫੈਸਲੇ ਲੈਣ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਨੇ ਵਧੇ ਹੋਏ ਮਾਣਭੱਤੇ ਦਾ ਨੋਟੀਫਿਕੇਸ਼ਨ ਕਰਦਿਆਂ ਜੁਲਾਈ ਮਹੀਨੇ ਦਾ ਵਧਿਆ ਹੋਇਆ ਮਾਣਭੱਤਾ ਦਿੱਤਾ ਹੈ। ਕੁੱਕ ਕਮ ਹੈਲਪਰਾਂ ਦੇ ਮਾਣਭੱਤੇ ਵਿੱਚ ਵਾਧੇ ਦੇ ਇਸ ਫੈਸਲੇ ਨਾਲ ਪ੍ਰਤੀ ਮਹੀਨਾ 2,13,23,500 (2.13 ਕਰੋੜ) ਰੁਪਏ ਹੋਰ ਬਜਟ ਮੁਹੱਈਆ ਕਰਵਾਇਆ ਜਾਵੇਗਾ।

Send this to a friend