ਮਲੋਟ, 12 ਅਗਸਤ (ਜਗਦੀਪ ਧਵਨ)- ਬਿਮਾਰ, ਲੋੜਵੰਦ ਅਤੇ ਗਰੀਬ ਪਰਵਾਰਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿਣ ਵਾਲੇ ਗੁਰੂ ਨਾਨਕ ਭਲਾਈ ਟਰਸਟ ਹਾਂਗਕਾਂਗ ਵੱਲੋਂ ਲੋੜਵੰਦ ਪਰਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਕੀਤੀ ਜਾ ਰਹੀ ਸੇਵਾ ਲਗਾਤਾਰ ਜਾਰੀ ਹੈ। ਸਮੁੱਚੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਾਂਗ ਗੁਰੂ ਨਾਨਕ ਭਲਾਈ ਟਰਸਟ ਹਾਂਗਕਾਂਗ ਦੇ ਭਾਈ ਜਤਿੰਦਰ ਸਿੰਘ ਬਰਾੜ ਵੱਲੋਂ ਭੇਜ਼ੀ ਜਾਂਦੀ ਸਹਾਇਤਾ ਰਾਸ਼ੀ ਨਾਲ ਲੋੜਵੰਦ ਪਰਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਦਿਆਂ ਮਲੋਟ ਦੇ ਦੋ ਪਰਵਾਰਾਂ ਦਵਿੰਦਰ ਧੂੜੀਆ ਅਤੇ ਵੇਦ ਰਾਮ ਦੇ ਪਰਵਾਰਾਂ ਨੂੰ ਅਗਸਤ ਮਹੀਨੇ ਦੇ ਰਾਸ਼ਨ ਦੀ ਸਮੱਗਰੀ ਸਰਦਾਰੀਆਂ ਟਰਸਟ ਦੇ ਆਗੂਆਂ ਹਰਦੀਪ ਸਿੰਘ ਖਾਲਸਾ ਅਤੇ ਗੁਰਪ੍ਰੀਤ ਸਿੰਘ ਜੰਡੂ ਵੱਲੋਂ ਭੇਂਟ ਕੀਤੀ ਗਈ। ਗੁਰੂ ਨਾਨਕ ਭਲਾਈ ਟਰਸਟ ਵੱਲੋਂ ਰਾਸ਼ਨ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੇ ਇਲਾਜ਼, ਗਰੀਬ ਤੇ ਲੋੜਵੰਦ ਪਰਵਾਰਾਂ ਦੇ ਬੱਚਿਆਂ ਦੀ ਪੜਾਈ ਲਈ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਆਰਥਿਕ ਸਹਾਇਤਾ ਮਦਦ ਦਿੱਤੀ ਜਾ ਰਹੀ ਹੈ। ਸਰਦਾਰੀਆਂ ਟਰਸਟ ਅਤੇ ਵਰਕਿੰਗ ਜਰਨਲਿਸਟਸ ਐਸੋਸੀਏਸ਼ਨ ਮਲੋਟ ਨੇ ਗੁਰੂ ਨਾਨਕ ਭਲਾਈ ਟਰਸਟ ਹਾਂਗਕਾਂਗ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਦਸਵੰਦ ਨਾਲ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।