ਅੱਜ ਐਤਵਾਰ ਸਵੇਰੇ 10:30 ਵਜੇ ਤੋਂ 12:30 ਤੱਕ ਕਰਵਾਇਆ ਜਾ ਰਿਹਾ ਮਹਾਨ ਗੁਰਮਤਿ ਸਮਾਗਮ
ਜਲੰਧਰ, 12 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀਆਂ ਮਹਾਨ ਸੇਵਾਵਾਂ ਨੂੰ ਦੇਖਦੇ ਹੋਏ ਜਲੰਧਰ ਦੀਆਂ ਸਮੂਹ ਸਿੰਘ ਸਭਾਵਾਂ, ਧਾਰਮਿਕ ਜੱਥੇਬੰਦੀਆਂ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਕਰਨ ਦਾ ਫੈਸਲਾ ਲਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਗੁਰਦੁਆਰਾ 6ਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਰੱਖੇ ਗਏ ਮਹਾਨ ਗੁਰਮਤਿ ਸਮਾਗਮ ਵਿੱਚ ਦਿੱਤਾ ਜਾਵੇਗਾ। ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਅਤੇ ਹਫਤਾਵਾਰੀ ‘ਸਿਮਰਨ’ ਦੇ ਸੰਪਾਦਕ ਸ. ਬੇਅੰਤ ਸਿੰਘ ਸਰਹੱਦੀ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸ. ਕੁਲਵੰਤ ਸਿੰਘ ਮੰਨਣ ਅਤੇ ਮੈਂਬਰ ਧਰਮ ਪ੍ਰਚਾਰ ਕਮੇਟੀ ਸ. ਸੁਰਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਆਬੇ ਦੀਆਂ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਨਾਲ ਜੋੜਣ ਲਈ ਅਤੇ ਧਰਮ ਪ੍ਰਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ ਗੁਰਦੁਆਰਾ 6ਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ 13 ਅਗਸਤ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੋਂ 12:30 ਤੱਕ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਪਾਤਸ਼ਾਹੀ 6ਵੀਂ ਇਤਿਹਾਸਿਕ ਸਥਾਨ ਹੈ। ਸ. ਬੇਅੰਤ ਸਿੰਘ ਸਰਹੱਦੀ ਦੀ ਯੋਗ ਅਗਵਾਈ ਹੇਠ ਇਸ ਗੁਰੂ ਅਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕੰਪਲੈਕਸ ਵਿੱਚ ਗੁਰੂ ਹਰਗੋਬਿੰਦ ਹਸਪਤਾਲ ਅਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਵੀ ਚਲਾਇਆ ਜਾ ਰਿਹਾ ਹੈ।