ਰੂਪਨਗਰ, 8 ਅਗਸਤ (ਗੁਰਸ਼ਰਨ ਸਿੰਘ ਗੁਲਸ਼ਨ)- ਰੂਪਨਗਰ ਨੂੰ ਸੈਰ-ਸਪਾਟਾ ਕੇਂਦਰ ਵੱਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਇੱਥੇ ਰੂਪਨਗਰ ਪ੍ਰੈਸ ਕਲੱਬ ਵਿਖੇ ਨਵੇਂ ਕਾਇਮ ਕੀਤੇ ਗਏ ਮੀਡੀਆਂ ਸੈਂਟਰ ਦਾ ਉਦਘਾਟਨ ਕਰਨ ਮਗਰੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚਲੇ ਪਿੱਛਲੇ ਕਾਫ਼ੀ ਸਮੇਂ ਤੋਂ ਬੰਦ ਪਏ ਪਿੰਕਾਸੀਆ ਟੂਰਿਸਟ ਕੰਪਲੈਕਸ ਵਾਲੇ ਸਥਾਨ ’ਤੇ ਪਹਿਲਾਂ ਨਾਲੋਂ ਬਿਹਤਰ ਰਿਜ਼ੋਰਟ ਕਾਇਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੂਪਨਗਰ ਨੂੰ ਆਉਂਣ ਵਾਲੇ ਸਮੇਂ ਦੌਰਾਨ ਤਰੱਕੀਆਂ ਦੀਆਂ ਬੁਲੰਦੀਆਂ ’ਤੇ ਲਿਜਾਇਆ ਜਾਵੇਗਾ। ਇਸ ਮੰਤਵ ਲਈ ਰੂਪਨਗਰ ਵਿੱਚ ਰਾਸ਼ਟਰੀ ਪੱਧਰ ਦੀ ਕੋਈ ਸੰਸਥਾ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਪੰਜਾਬ ਦੀ ਨਵ-ਉਸਾਰੀ ਵਿੱਚ ਆਪਣਾ ਉਸਾਰੂ ਯੋਗਦਾਨ ਪਾਉਣ ਤਾਂ ਜੋ ਪੰਜਾਬ ਦਾ ਚਹੁਮੁੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਗੇ ਲਿਜਾਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਜਿਸ ਵਿੱਚ ਮੀਡੀਆ ਵੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹਰ ਯੁੱਗ ਵਿੱਚ ਕਰਾਂਤੀ ਲਿਆਉਣ ਲਈ ਮੀਡੀਆਂ ਨੇ ਹਮੇਸ਼ਾ ਆਪਣਾ ਰੋਲ ਅਦਾ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਪ੍ਰੇਰਨਾ ਕੀਤੀ ਕਿ ਉਹ ਆਪਣੀ ਜਾਣਕਾਰੀ ਵਿੱਚ ਹੋਰ ਵਾਧਾ ਕਰਨ ਲਈ ਚੰਗਾ ਸਾਹਿਤ ਪੜ੍ਹਨ ਤਾਂ ਜੋ ਪੰਜਾਬ ਦੇ ਅਮੀਰ ਵਿਰਸੇ ਬਾਰੇ ਜਾਣੂ ਹੋ ਸਕਣ। ਉਨ੍ਹਾਂ ਰੂਪਨਗਰ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਵਿੱਚ ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਕਲੱਬ ਦੀ ਉਸਾਰੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕਲੱਬ ਦਾ ਨੀਂਹ ਪੱਥਰ 2008 ਦੌਰਾਨ ਰੱਖਿਆ ਗਿਆ ਸੀ। ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਉ¤ਘੇ ਸਮਾਜਸੇਵੀ ਡਾਕਟਰ ਆਰ.ਐਸ ਪਰਮਾਰ , ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਉਪ ਪ੍ਰਧਾਨ ਸਤੀਸ਼ ਜਗੋਤਾ, ਸਕੱਤਰ ਸਤਨਾਮ ਸਿੰਘ ਸੱਤੀ, ਗੁਰਚਰਨ ਸਿੰਘ ਬਿੰਦਰਾ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਪੁਲਿਸ ਕਪਤਾਨ (ਹੈਂਡਕੁਆਟਰ) ਮਨਮੀਤ ਸਿੰਘ ਢਿੱਲੋਂ, ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੀ.ਆਰ.ਓ., ਅਮਰਪਾਲ ਸਿੰਘ ਬੈਂਸ, ਸਾਬਕਾ ਵਿਧਾਇਕ ਭਾਗ ਸਿੰਘ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵਿਸਕੀ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸੈਣੀ, ਪੰਜਾਬ ਕਾਂਗਰਸ (ਓਬੀਸੀ ਵਿਭਾਗ) ਦੇ ਚੈਅਰਮੈਨ ਡਾਕਟਰ ਗੁਰਿੰਦਰਪਾਲ ਸਿੰਘ ਬਿੱਲਾ, ਪੰਜਾਬ ਕਾਂਗਰਸ ਦੇ ਸਕੱਤਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸੀਨੀਅਰ ਕਾਗਰਸੀ ਆਗੂ ਰਮੇਸ਼ ਗੋਇਲ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਬਸਪਾ ਦੇ ਜ਼ਿਲ੍ਹਾ ਇੰਚਾਰਜ ਐਡਵੋਕੇਟ ਚਰਨਜੀਤ ਸਿੰਘ ਘਈ, ਬੇਲਾ ਕਾਲਜ ਦੇ ਸਕੱਤਰ ਦਵਿੰਦਰ ਸਿੰਘ ਜਟਾਣਾ, ਕਾਂਗਰਸੀ ਆਗੂ ਰਾਜੇਸ਼ਵਰ ਲਾਲੀ, ਜਗਦੀਸ਼ ਕਾਜਲਾ, ਦਰਸ਼ਨ ਸਿੰਘ ਸੰਧੂ, ਪਰਵਿੰਦਰਪਾਲ ਸਿੰਘ ਬਿੰਟਾ, ਰਾਜੇਸ਼ ਸਹਿਗਲ, ਨੇਤਾ ਮਾਡਲ ਸਕੂਲ ਦੇ ਡਾਇਰੈਕਟਰ ਵੀ.ਪੀ. ਸੈਣੀ ਵੀ ਹਾਜ਼ਰ ਸਨ।