ਨਵੀਂ ਦਿੱਲੀ 17 ਅਕਤੁਬਰ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇਕ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਸੁਰਿਦੰਰ ਸਿੰਘ ਕੰਡਾ (ਜੋ ਕਿ ਜਮਾਨਤ ਤੇ ਹਨ) ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਦੋ ਘੰਟੇ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹੋਣ ਕਰਕੇ ਅਜ ਭਾਈ ਹਵਾਰਾ ਦੇ ਵਕੀਲ ਮਨਿੰਦਰ ਸਿੰਘ ਨੇ ਗਵਾਹਾਂ ਨਾਲ ਤਕਰੀਬਨ ਦੋ ਘੰਟੇ ਤਕ ਕਰਾਸ ਬਹਿਸ ਕੀਤੀ ।

ਪੇਸ਼ੀ Àਪਰੰਤ ਭਾਈ ਹਵਾਰਾ ਨੇ ਕਿਹਾ ਕਿ ਇਕ ਹਿੰਦੂਤਵੀ ਮੀਡਿਆ ਚੈਨਲ ਵਲੋਂ ਸਿੱਖ ਕੌਮ ਦੇ ਅਤਿ ਸਤਿਕਾਰਯੋਗ 20ਵੀਂ ਸਦੀ ਦੇ ਸਿੱਖ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਇੱਕ ਬਹੁਤ ਹੀ ਫਿਰਕੂ ਜ਼ਹਿਨੀਅਤ ਨਾਲ ਲੱਥਪੱਥ ਪ੍ਰੋਗਰਾਮ ਦਿਖਾਇਆ ਗਿਆ। ਸਿੱਖ ਕੌਮ ਦੀ ਚੜ੍ਹਦੀ ਕਲਾ, ਉੱਜਲ ਭਵਿੱਖ ਅਤੇ ਕੌਮੀ ਅਜ਼ਾਦੀ ਹਿੱਤ ਆਪਣਾ ਇੱਕ ਇੱਕ ਸਾਹ ਕੁਰਬਾਨ ਕਰਨ ਵਾਲੇ ਉਸ ਸੂਰਬੀਰ ਯੋਧੇ ਬਚਨਾਂ ਦੇ ਬਲੀ ਨੂੰ ਕਾਂਗਰਸ ਦਾ ਏਜੰਟ ਸਾਬਤ ਕਰਨ ਦੀ ਬੇਤੁਕੀ ਅਤੇ ਅਧਾਰਹੀਣ ਕੋਸ਼ਿਸ਼ ਕੀਤੀ ਗਈ, ਉੱਥੇ ਲੁਕਵੇਂ ਤਰੀਕੇ ਨਾਲ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਹਿੰਦੂ, ਹਿੰਦੀ ਹਿੰਦੋਸਤਾਨ ਦਾ ਨਾਹਰਾ ਬੁਲੰਦ ਕਰਨ ਵਾਲੇ ਮੁਤੱਸਵੀ ਹਿੰਦੂਤਵੀਆਂ ਨੂੰ ਲਾਭ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜ ਹਿੰਦੁਸਤਾਨੀ ਹਕੁਮਤ ਹਰ ਪਖੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇਆ ਦੇ ਅਕਸ ਨੂੰ ਸਿੱਖ ਜਵਾਨੀ ਦੇ ਹਿਰਦੇ ਵਿਚੋਂ ਨਿਕਾਲਣਾ ਚਾਹੁੰਦੀ ਹੈ, ਉਹ ਸਾਡੇ ਇਤਿਹਾਸ ਨੂੰ ਮਲਿਆਮੇਟ ਕਰਨ ਲਈ ਪਬੇਭਾਰ ਹੋਈ ਪਈ ਹੈ ਜਿਸਦਾ ਨਤੀਜਾ ਇਹੋ ਜਿਹੇ ਪ੍ਰੋਗਰਾਮ ਹਨ, ਜਿਸ ਦੀ ਅਸੀਂ ਸਮੂਹ ਬੰਦੀ ਸਿੰਘ ਸਖਤ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਜੱਥੇਬੰਦੀਆਂ ਇਕ ਕਮੇਟੀ ਗਠਿਤ ਕਰਕੇ ਇਸ ਪ੍ਰੋਗਰਾਮ ਉਪਰ ਬਣਦੀ ਕਾਰਵਾਈ ਕਰਕੇ ਅਪਣਾ ਫਰਜ ਨਿਭਾਏ। ਅੱਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਹਰਪਾਲ ਸਿੰਘ ਚੀਮਾ, ਭਾਈ ਗੁਰਚਰਨ ਸਿੰਘ, ਭਾਈ ਬਲਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ। ਮਾਮਲੇ ਦੀ ਅਗਲੀ ਸੁਣਵਾਈ 6 ਅਤੇ 7 ਨਵੰਬਰ ਨੂੰ ਹੋਵੇਗੀ।