ਜਲੰਧਰ, 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਨਿਆਂ ਦੀ ਜੰਗ ਲੜ ਰਹੇ ਪੰਜਾਬ ਰੋਡ ਮੈਨਿਊਫੈਕਚਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ।
ਬਾਜਵਾ ਨੇ ਅੱਜ ਉਨ੍ਹਾਂ ਨਾਲ ਮਿਲੇ ਪਠਾਨਕੋਟ ਰੋਡ ਮੈਨਿਊਫੈਕਚਰਜ ਐਸੋਸੀਏਸ਼ਨ ਦੇ ਇਕ ਵਫਦ ਨੂੰ ਭਰੋਸਾ ਦਿੱਤਾ। ਵਫਦ ਦੀ ਅਗਵਾਈ ਕਰ ਰਹੇ ਅਸ਼ਵਨੀ ਅਗਰਵਾਲ ਨੇ ਬਾਜਵਾ ਨੂੰ ਆਪਣੀ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣ ਰਹੀ, ਜਿਸ ਕਾਰਨ ਉਨ੍ਹਾਂ ਨੂੰ ਵਿਰੋਧ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ।

ਬਾਜਵਾ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਅਗਰਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗ ਨੂੰ ਨਜਾਇਜ ਕਲੋਨੀਆਂ ਦੀ ਸੂਚੀ ‘ਚ ਜੋੜ ਦਿੱਤਾ ਹੈ, ਵੈਟ ਰਿਫੰਡ ਨਹੀਂ ਦਿੱਤਾ ਜਾ ਰਿਹਾ ਤੇ ਵੈਟ ਦੀ ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਦੀ ਪੂੰਜੀ ਬਲਾਕ ਹੋ ਚੁੱਕੀ ਹੈ। ਸੰਸਥਾ ਨੇ ਅਡਵਾਂਸ ਟੈਕਸ ਦਾ ਵਿਰੋਧ ਕੀਤਾ ਹੈ ਤੇ ਪ੍ਰਾਪਰਟੀ ਟੈਕਸ ਦੇ ਰੇਟਾਂ ਨੂੰ ਵਾਜਿਬ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਬਾਜਵਾ ਨਾਲ ਅਗਰਵਾਲ ਸਭਾ ਜਲੰਧਰ ਦਾ ਵਫਦ ਵੀ ਮਿਲਿਆ। ਬਾਜਵਾ ਨੇ ਅਗਰਵਾਲ ਸਭਾ ਦੇ ਕੰਮਾਂ ਤੇ ਸਮਾਜ ਸੁਧਾਰ ‘ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।