ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅਧੀਨ ਆਉਂਦੇ ਪਿੰਡ ਮੈਨੂੰਆਣਾ ਦੀ ਧਰਮਸ਼ਾਲਾ ਦੀ ਖਸਤਾ ਹਾਲਤ ਸਥਿਤੀ ਕਾਰਣ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਧਰਮਸ਼ਾਲਾ ਦੀ ਥਾਂ ਤੇ ਨਵੀ ਧਰਮਸ਼ਾਲਾ ਦਾ ਨਿਰਮਾਣ ਕੀਤਾ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਧਰਮਸ਼ਾਲਾ ਦਾ ਨਿਰਮਾਣ ਅੱਜ ਤੋਂ ਕਰੀਬ 30-35 ਸਾਲ ਪਹਿਲਾਂ ਹੋਇਆ ਸੀ। ਸਮੇਂ ਦੇ ਬੀਤਣ ਦੇ ਨਾਲ ਨਾਲ ਉਕਤ ਧਰਮਸ਼ਾਲਾ ਦੀ ਹਾਲਤ ਦਿਨ ਬ ਦਿਨ ਬਦਤਰ ਹੁੰਦੀ ਗਈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਹੁਣ ਜਦੋਂ ਕਿ ਇਸ ਧਰਮਸ਼ਾਲਾ ਦੀ ਹਾਲਤ ਅਤਿ ਮਾੜੀ ਹੈ ਅਤੇ ਉਸ ਦੀਆਂ ਛੱਤਾਂ ਅਤੇ ਕੰਧਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ ਅਤੇ ਇਮਾਰਤ ਡਿੱਗੂੰ-ਡਿੱਗੂੰ ਕਰ ਰਹੀ ਹੈ ਤਾਂ ਉਸ ਵਿੱਚ ਆਂਗਣਵਾੜੀ ਦੇ ਬੱਚੇ ਪੜਂ ਲਈ ਆ ਰਹੇ ਹਨ।ਬੱਚਿਆਂ ਦਾ ਉੱਥੇ ਪੜਨਾ ਅਤੇ ਧਰਮਸ਼ਾਲਾ ਦੀ ਮਾੜੀ ਹਾਲਤ ਕਾਰਣ ਕਿਸੇ ਸਮੇਂ ਵੀ ਉੱਥੇ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਗੱਲ ਕਰਦਿਆਂ ਪਿੰਡ ਦੇ ਨਿਵਾਸੀ ਅਤੇ ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਮੀਤ ਪ੍ਰਧਾਨ ਅਵਤਾਰ ਮੈਨੂੰਆਣਾ ਨੇ ਦੱਸਿਆ ਕਿ ਪਿੰਡਾਂ ਦੇ ਵਿਕਾਸ ਦੇ ਦਾਅਵੇ ਕਰਨ ਵਾਲੇ ਅਕਾਲੀ ਭਾਜਪਾ ਸਰਕਾਰ ਦੇ ਆਗੂ ਇੱਕ ਵਾਰ ਪਿੰਡ ਮੈਨੂੰਆਣਾ ਜ਼ਰੂਰ ਆਉਣ ਤਾਂ ਕਿ ਉਨ੍ਹਾਂ ਨੂੰ ਵਿਕਾਸ ਦੇ ਦਰਸ਼ਨ ਕਰਵਾਏ ਜਾ ਸਕਣ।ਉਨ੍ਹਾਂ ਕਿਹਾ ਕਿ ਅੱਜ ਵੀ ਪਿੰਡ ਵਾਸੀ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ।
ਉੱਧਰ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਵਿਰਕ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਰਕਾਰੀ ਅਧਿਕਾਰੀ ਆਏ ਸਨ ਤੇ ਉਹ ਉਕਤ ਧਰਮਸ਼ਾਲਾ ਨੂੰ ਖਸਤਾ ਹਾਲ ਕਰਾਰ ਦੇ ਗਏ ਸਨ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਨਵੀਂ ਧਰਮਸ਼ਾਲਾ ਦੇ ਨਿਰਮਾਣ ਲਈ ਗ੍ਰਾਂਟ ਦੇਵੇ ਤਾਂ ਕਿ ਲੋਕਾਂ ਦੀ ਪੁਰਾਣੀ ਮੰਗ ਪੂਰੀ ਕੀਤੀ ਜਾ ਸਕੇ। ਬੱਚਿਆਂ ਨੂੰ ਧਰਮਸ਼ਾਲਾ ਵਿੱਚ ਪੜਾਉਣ ਬਾਰੇ ਉਨ੍ਹਾਂ ਕਿਹਾ ਕਿ ਇਸਦਾ ਜਲਦੀ ਹੀ ਬਦਲਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਬੱਚੇ ਸੁਰੱਖਿਅਤ ਥਾਂ ਤੇ ਪੜ ਸਕਣ।