ਨਵੀਂ ਦਿਲੀ, 23 ਜੁਲਾਈ (ਪੀ.ਟੀ)- ਆਰਬੀਆਈ ਹੁਣ ਮਾਰਕਿਟ ਵਿਚ ਛੋਟੇ ਨੋਟਾਂ ਦੀ ਸਪਲਾਈ ਵਧਾਉਣ ਦੀ ਤਿਆਰੀ ਕਰ ਰਹੀ ਹੈ। ਮਾਰਕਿਟ ਵਿਚ ਹੁਣ 50, 100, 500 ਰੁਪਏ ਦੇ ਨੋਟਾਂ ਦੀ ਸਪਲਾਈ ਵਧੇਗੀ। ਅਗਸਤ ਅੰਤ ਤਕ 200 ਰੁਪਏ ਦੇ ਨਵੇਂ ਨੋਟ ਵੀ ਬਜ਼ਾਰ ਵਿਚ ਆ ਸਕਦੇ ਹਨ। ਬੈਂਕਿੰਗ ਸੂਤਰਾਂ ਦਾ ਕਹਿਣਾ ਹੈ ਕਿ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਦਾ ਮਤਲਬ 2000 ਰੁਪਏ ਦੇ ਨੋਟ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਸ਼ੁਰੂਆਤ ਹੋ ਸਕਦੀ ਹੈ। ਐਸਬੀਆਈ ਆਪਣੇ ਏਟੀਐਮ ਰੀਕੈਲੀਬ੍ਰੇਟ ਕਰ ਰਿਹਾ ਹੈ ਤਾਂ ਕਿ 500 ਰੁਪਏ ਦੇ ਨੋਟਾਂ ਨੂੰ ਜ਼ਿਆਦਾ ਜਗ੍ਹਾ ਮਿਲੇ।
ਵਿਤ ਮੰਤਰਾਲੇ ਦੇ ਸੂਤਰਾਂ ਅਨੁਸਾਰ 11 ਅਪ੍ਰੈਲ ਨੂੰ ਨੋਟਾਂ ਦੀ ਛਪਾਈ ਦੇ ਲਈ ਪ੍ਰੋਡਕਸ਼ਨ ਪਲਾਨਿੰਗ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿਚ ਰਿਜ਼ਰਵ ਬੈਂਕ ਨੇ 2000 ਦੇ ਸੌ ਕਰੋੜ ਨੋਟ ਛਾਪਣ ਦਾ ਪ੍ਰਸਤਾਵ ਰਖਿਆ ਸੀ, ਪਰ ਵਿਤ ਮੰਤਰਾਲੇ ਨੇ 2000 ਰੁਪਏ ਦੇ ਨੋਟ ਛਾਪਣ ਦਾ ਪ੍ਰਸਤਾਵ ਨਾਮਨਜ਼ੂਰ ਕਰ ਦਿਤਾ ਸੀ।