ਮਾਮਲੇ ਦੀ ਨਿਰਪੱਖ ਜਾਂਚ ਲਈ ਦੋ ਦਿਨ ਦਾ ਅਲਟੀਮੇਟਮ
ਬਰਨਾਲਾ, 19 ਜੁਲਾਈ (ਨਿਰਮਲ ਸਿੰਘ ਪੰਡੋਰੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਦਲਬਾਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਆਪਣਾ ਸਿਆਸੀ ਪ੍ਰਭਾਵ ਵਰਤ ਕੇ ਝੂਠੇ ਮੁਕੱਦਮੇ ਵਿੱਚ ਫਸਾਉਣ ਦੇ ਯਤਨਾਂ ਦੀ ਭਰਪੂਰ ਨਿੰਦਾ ਕਰਦੇ ਹੋਏ ਹਲਕਾ ਮਹਿਲ ਕਲਾਂ ਦੇ ਇੰਚਾਰਜ ਅਜੀਤ ਸਿੰਘ ਸ਼ਾਂਤ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲੋਂ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ । ਇਸ ਮੌਕੇ ਸ. ਸ਼ਾਂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕੇ ਦੀ ਕਾਂਗਰਸੀ ਆਗੂ ਦੀ ਸ਼ਹਿ ’ਤੇ ਪਿੰਡ ਦੇ ਕਾਂਗਰਸੀ ਚੌਧਰੀਆਂ ਵੱਲੋਂ ਹਸਪਤਾਲ ਵਿੱਚ ਦਾਖਲ ਲੜਕੀ ਨੂੰ ਅਤੇ ਉਸਦੇ ਪਰਿਵਾਰ ਨੂੰ ਗੁੰਮਰਾਹ ਕਰਕੇ ਸੰਤ ਦਲਬਾਰ ਸਿੰਘ ਦੇ ਮਾਮਲੇ ਨੂੰ ਖ਼ਾਹ-ਮਖ਼ਾਹ ਉਲਝਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਸ.ਸ਼ਾਂਤ ਨੇ ਕਿਹਾ ਕਿ ਝਗੜੇ ਦਾ ਕਾਰਨ ਦੱਸੀ ਜਾ ਰਹੀ ਗਲੀ ਪਿੰਡ ਦੀ ਪੰਚਾਇਤ ਅਤੇ ਗਲੀ ਉੱਪਰ ਨਜਾਇਜ਼ ਕਬਜ਼ਾ ਕਰ ਰਹੇ ਪਰਿਵਾਰ ਦੇ ਵਿਚਕਾਰ ਦਾ ਮਸਲਾ ਹੈ ਜਿਸਦੀ ਪੜਤਾਲ ਤੋਂ ਬਾਅਦ ਬੀਡੀਪੀਓ ਮਹਿਲ ਕਲਾਂ ਦੀ ਦਰਖਾਸਤ ’ਤੇ ਸੰਬੰਧਿਤ ਪਰਿਵਾਰ ’ਤੇ ਪਰਚਾ ਦਰਜ ਹੋਇਆ ਸੀ ਜਿਸ ਕਾਰਨ ਗ੍ਰਿਫ਼ਤਾਰੀ ਦੇ ਡਰੋਂ ਪੀੜਤ ਲੜਕੀ ਦੇ ਪਰਿਵਾਰ ਨੇ ਪਿੰਡ ਦੇ ਕਾਂਗਰਸੀ ਚੌਧਰੀਆਂ ਦੀ ਸ਼ਹਿ ਤੇ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲਣ ਦਾ ਡਰਾਮਾ ਰਚਿਆ ਹੈ। ਸ.ਸ਼ਾਂਤ ਨੇ ਦੋਸ਼ ਲਗਾਇਆ ਕਿ ਜਿੱਥੇ ਗਲੀ ਦਾ ਝਗੜਾ ਹੈ ਉ¤ਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਿਨਾਂ ਦੀ ਫੁਟੇਜ ਨੂੰ ਖੰਗਾਲਣ ਤੋਂ ਬਾਅਦ ਹੀ ਪੁਲਿਸ ਨੂੰ ਅਗਲੀ ਕਾਰਵਾਈ ਸੰਬੰਧੀ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਤਹਿਤ ਜਲਦਬਾਜ਼ੀ ਵਿੱਚ ਇੱਕ ਦਰਵੇਸ਼ ਇਨਸਾਨ ਨੂੰ ਜੇਕਰ ਕਿਸੇ ਝੂਠੇ ਮਾਮਲੇ ਵਿੱਚ ਫਸਾਇਆ ਜਾਂਦਾ ਹੈ ਤਾਂ ਇਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਸਾਰੇ ਮਾਮਲੇ ਦੀ ਪੜਤਾਲ ਬਿਨਾਂ ਸਿਆਸੀ ਦਬਾਅ ਤੋਂ ਕਰੇ ਅਤੇ ਸੰਤ ਦਲਬਾਰ ਸਿੰਘ ਦੇ ਨਿਰਦੋਸ਼ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸ.ਸ਼ਾਂਤ ਨੇ ਜ਼ਿਲ੍ਹਾ ਪੁਲਿਸ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਸੰਤ ਦਲਬਾਰ ਸਿੰਘ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਹੋਇਆ ਤਾਂ ਬਰਨਾਲਾ ਜ਼ਿਲ੍ਹੇ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ ਜਿਸਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਸ. ਸ਼ਾਂਤ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਲੜਕੀ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲਣ ਦੇ ਮਾਮਲੇ ਦੀ ਉ¤ਚ ਪੱਧਰੀ ਜਾਂਚ ਕਰਵਾ ਕੇ ਇਸ ਮਾਮਲੇ ਵਿੱਚ ਸ਼ਾਮਿਲ ਕਾਂਗਰਸੀ ਆਗੂਆਂ ’ਤੇ ਇੱਕ ਆਮ ਨਾਗਰਿਕ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਸਮੇਂ ਸ. ਸ਼ਾਂਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।