ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਮਾਨਸੂਨ ਦੀ ਅੱਜ ਪਈ ਪਹਿਲੀ ਮੋਹਲੇਧਾਰ ਬਾਰਿਸ਼ ਨਾਲ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਕਈ ਇਲਾਕੇ ਪਾਣੀ ਚ’ ਡੁੱਬ ਗਏ , ਜਿਸ ਕਾਰਨ ਪੂਰੇ ਸ਼ਹਿਰ ਅਤੇ ਇਲਾਕੇ ਅੰਦਰ ਹੜ੍ਹਾਂ ਵਾਲੇ ਹਾਲਾਤ ਬਣ ਗਏ । ਪਹਿਲੀ ਹੀ ਬਾਰਿਸ਼ ਨਾਲ ਜਲਥਲ ਹੋਏ ਸ਼ਹਿਰ ਦੀ ਹਾਲਤ ਦੇਖਣ ਤੋਂ ਬਾਅਦ ਸਪੱਸ਼ਟ ਨਜਰ ਆ ਰਿਹਾ ਸੀ ਕਿ ਸਥਾਨਕ ਪ੍ਰਸ਼ਾਸ਼ਨ ਇਸ ਮਾਮਲੇ ਚ’ ਫੇਲ ਸਾਬਿਤ ਹੋਇਆ ਹੈ , ਜਿਸ ਕਾਰਨ ਸ਼ਹਿਰ ਅਤੇ ਇਲਾਕਾ ਵਾਸੀਆਂ ਚ’ ਪ੍ਰਸ਼ਾਸ਼ਨ ਪ੍ਰਤੀ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ । ਦੱਸਣਯੋਗ ਹੈ ਕਿ ਅੱਜ ਸਵੇਰੇ ਤੜ੍ਹਕੇ ਤੋਂ ਪੈ ਰਹੀ ਬਾਰਿਸ਼ ਕਾਰਨ ਇੱਥੋਂ ਦੇ ਮੁਹੱਲਾ ਚੋਈ ਬਜਾਰ ਅਤੇ ਬਾਲਮੀਕ ਮੰਦਿਰ ਵਾਲੀ ਸਾਈਡ 4-4 ਫੁੱਟ ਤੱਕ ਪਾਣੀ ਆ ਜਾਣ ਕਾਰਨ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਸਕੂਟਰ , ਮੋਟਰਸਾਈਕਲ ਤਾਂ ਕੀ ਕਾਰਾਂ ਤੱਕ ਡੁੱਬ ਗਈਆਂ , ਜਿਸ ਕਾਰਨ ਲੋਕਾਂ ਚ’ ਹਾਹਾਕਾਰ ਮਚ ਗਿਆ। ਇਸਤੋਂ ਇਲਾਵਾ ਮੰਦਿਰ ਸ੍ਰੀ ਨੈਣਾਂ ਦੇਵੀ ਨੂੰ ਜਾਂਦੀ ਮੁੱਖ ਸੜ੍ਹਕ, ਗੁ: ਭਗਤ ਰਵੀਦਾਸ ਚੋਂਕ, ਕਲਗੀਧਰ ਮਾਰਕੀਟ, ਪੰਜ ਪਿਆਰਾ ਪਾਰਕ ਦੇ ਅੱਗੇ ਅਤੇ ਸਿਵਲ ਹਸਪਤਾਲ ਦਾ ਪੂਰਾ ਕੰਪਾਊਂਡ ਪਾਣੀ ਪਾਣੀ ਹੋ ਗਿਆ ਜਿਸ ਕਾਰਨ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ , ਕੋਰਟ ਕਚਹਿਰੀ ਜਾਣ ਵਾਲੇ ਅਤੇ ਨੋਕਰੀਆਂ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਅੱਜ ਪਈ ਇਸ ਬਾਰਿਸ਼ ਕਾਰਨ ਸ਼ਹਿਰ ਦੇ ਤਕਰੀਬਨ ਸਾਰੇ ਰਸਤੇ ਬੰਦ ਹੋ ਜਾਣ ਤੋਂ ਪ੍ਰੇਸ਼ਾਨ ਅਤੇ ਚਿੰਤਾਤੁਰ ਹੋਏ ਸ਼ਹਿਰ ਅਤੇ ਇਲਾਕਾ ਵਾਸੀਆਂ ਕਹਿਣਾ ਹੈ ਕਿ ਜੇਕਰ ਪਹਿਲੀ ਹੀ ਬਾਰਿਸ਼ ਨਾਲ ਇਹ ਹਾਲਾਤ ਹਨ ਤਾਂ ਅੱਗੋਂ ਕੀ ਹਾਲ ਹੋਵੇਗਾ , ਕਿਉਂਕਿ ਅਜੇ ਤਾਂ ਬਰਸਾਤਾਂ ਸ਼ੁਰੂ ਹੋਈਆਂ ਹਨ । ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਾਲਿਆਂ ਦੀ ਚਿੰਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਸੰਨ 2008-09 ਦੋਰਾਨ ਪਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਤਕਰੀਬਨ ਵਿਚਕਾਰੋਂ ਟੱਪਦੀ ਚਰਨ ਗੰਗਾ ਖੱਡ ਦੀ ਸਫਾਈ ਨਾ ਹੋਣ ਅਤੇ ਡੰਗਾ ਟੁੱਟ ਜਾਣ ਕਾਰਨ ਇਲਾਕੇ ਅੰਦਰ ਭਾਰੀ ਹੜ੍ਹ ਆ ਗਏ ਸਨ , ਜਿਸ ਕਾਰਨ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਸੀ । ਸਿਤਮ ਦੀ ਗੱਲ ਤਾਂ ਇਹ ਹੈ ਕਿ ਹੜ੍ਹ ਆਉਣ ਤੋਂ ਰੋਕਣ ਦੇ ਪੂਰੇ ਪ੍ਰਬੰਧ ਕਰਨ ਦੇ ਦਾਅਵੇ ਕਰਨ ਵਾਲੇ ਪ੍ਰਸ਼ਾਸ਼ਨ ਨੇ ਪਿਛਲੇ ਕਈ ਸਾਲਾਂ ਤੋਂ ਇਸ ਚਰਨ ਗੰਗਾ ਖੱਡ ਦੀ ਸਫਾਈ ਵੀ ਕਰਵਾਉਣੀ ਜਰੂਰੀ ਨਹੀਂ ਸਮਝੀ ਜਦਕਿ ਇਹ ਪੂਰੀ ਖੱਡ ਉਪਰ ਤੱਕ ਬੂਟੀਆਂ ਨਾਲ ਭਰੀ ਪਈ ਹੈ ਤੇ ਜੇਕਰ ਕਿਤੇ ਲਗਾਤਾਰ ਬਾਰਿਸ਼ ਪੈ ਗਈ ਤਾਂ 2008-09 ਵਾਲੇ ਹਾਲਾਤ ਦੁਬਾਰਾ ਬਣਨ ਤੋਂ ਕੋਈ ਨਹੀਂ ਰੋਕ ਸਕੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮੀਡੀਆਂ ਵੱਲੋਂ ਪ੍ਰਸਾਸ਼ਨ ਦਾ ਇਸ ਪਾਸੇ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਰਿਹਾ । ਸ਼ਹਿਰ ਅਤੇ ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਇਲਾਕੇ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਇਸ ਚਰਨ ਗੰਗਾ ਖੱਡ ਦੀ ਸਫਾਈ ਪਹਿਲ ਦੇ ਆਧਾਰ ਤੇ ਕਰਵਾਈ ਜਾਵੇ।
ਮਾਨਸੂਨ ਦੀ ਅੱਜ ਪਈ ਪਹਿਲੀ ਬਾਰਿਸ਼ ਨੇ ਹੀ ਗੁਰੂ ਨਗਰੀ ’ਚ ਹੜ੍ਹਾਂ ਵਾਲੇ ਹਾਲਾਤ ਬਣਾਏ



